ਚਰਨਜੀਤ ਭੁੱਲਰ
ਚੰਡੀਗੜ੍ਹ, 16 ਅਗਸਤ
ਪੰਜਾਬ ਸਰਕਾਰ ਹੁਣ ਪ੍ਰਾਈਵੇਟ ਖੰਡ ਮਿੱਲਾਂ ਦਾ ਵਿਸ਼ੇਸ਼ ਆਡਿਟ ਕਰਾਏਗੀ ਤਾਂ ਕਿ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ’ਚ ਦੇਰੀ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਖੇਤੀ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਨਿਰਦੇਸ਼ ਦਿੱਤੇ ਕਿ ਸਾਰੀਆਂ ਪ੍ਰਾਈਵੇਟ ਮਿੱਲਾਂ ਦਾ ਸਪੈਸ਼ਲ ਆਡਿਟ ਕਰਾਇਆ ਜਾਵੇ। ਉਨ੍ਹਾਂ ਹਰ ਪ੍ਰਾਈਵੇਟ ਖੰਡ ਮਿੱਲ ਵਿਚ ਖੇਤੀ ਮਹਿਕਮੇ ਦੇ ਇੱਕ-ਇੱਕ ਅਧਿਕਾਰੀ ਦੀ ਤਾਇਨਾਤੀ ਕਰਨ ਲਈ ਵੀ ਕਿਹਾ।
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਮਿੱਲਾਂ ’ਤੇ ਦਬਾਅ ਬਣਾਉਣ ਲਈ ਅਤੇ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਜਦੋਂਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਸਹਿਕਾਰੀ ਖੰਡ ਮਿੱਲਾਂ ਦਾ ਆਡਿਟ ਆਪਣੇ ਪੱਧਰ ’ਤੇ ਹੀ ਕੀਤਾ ਜਾਵੇਗਾ। ਪ੍ਰਾਈਵੇਟ ਖੰਡ ਮਿੱਲਾਂ ਦੇ ਆਡਿਟ ਵਿਚ ਇਹ ਦੇਖਿਆ ਜਾਵੇਗਾ ਕਿ ਖੰਡ ਮਿੱਲਾਂ ਵਿਚ ਕਿੰਨਾ ਗੰਨਾ ਆਉਂਦਾ ਹੈ ਅਤੇ ਕਿੰਨੇ ਗੰਨੇ ਦੀ ਪਿੜਾਈ ਹੁੰਦੀ ਹੈ ਅਤੇ ਕੀ ਖੰਡ ਮਿੱਲਾਂ ਵੱਲੋਂ ਕੋਟੇ ਮੁਤਾਬਿਕ ਖੰਡ ਵੇਚੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਸੱਤ ਪ੍ਰਾਈਵੇਟ ਖੰਡ ਮਿੱਲਾਂ ਹਨ ਜਿਨ੍ਹਾਂ ਵਿਚੋਂ ਅਮਲੋਹ ਖੰਡ ਮਿੱਲ, ਦਸੂਹਾ ਅਤੇ ਕੀੜੀ ਅਫਗਾਨਾ ਦੀ ਖੰਡ ਮਿੱਲ ਵੱਲੋਂ ਬਕਾਏ ਕਲੀਅਰ ਕਰ ਦਿੱਤੇ ਗਏ ਹਨ।
ਸਹਿਕਾਰੀ ਖੰਡ ਮਿੱਲਾਂ ਦੇ ਕਰੀਬ 195 ਕਰੋੜ ਦੇ ਬਕਾਏ ਕਲੀਅਰ ਕੀਤੇ ਜਾਣੇ ਸਨ ਜਿਸ ਵਿਚੋਂ 15 ਅਗਸਤ ਨੂੰ 100 ਕਰੋੜ ਦੇ ਬਕਾਏ ਸੂਬਾ ਸਰਕਾਰ ਨੇ ਜਾਰੀ ਕਰਨੇ ਸਨ। ਖੇਤੀ ਮੰਤਰੀ ਧਾਲੀਵਾਲ ਨੇ ਦੱਸਿਆ ਕਿ 7 ਸਤੰਬਰ ਤੱਕ ਸਾਰੇ ਬਕਾਏ ਕਲੀਅਰ ਕਰ ਦਿੱਤੇ ਜਾਣਗੇ। ਫਗਵਾੜਾ ਖੰਡ ਮਿੱਲ ਨੇ 72 ਕਰੋੜ ਦੇ ਬਕਾਏ ਕਲੀਅਰ ਨਹੀਂ ਕੀਤੇ ਹਨ। ਪੰਜਾਬ ਸਰਕਾਰ ਇਸ ਖੰਡ ਮਿੱਲ ਦੀ ਪ੍ਰਾਪਰਟੀ ਵੇਚ ਕੇ ਗੰਨਾ ਕਾਸ਼ਤਕਾਰਾਂ ਨੂੰ ਬਕਾਏ ਦੀ ਅਦਾਇਗੀ ਕਰਨ ਦੀ ਇੱਛੁਕ ਹੈ। ਪ੍ਰਾਈਵੇਟ ਖੰਡ ਮਿੱਲਾਂ ਵਿਚੋਂ ਮੁਕੇਰੀਆਂ, ਧੂਰੀ ਅਤੇ ਬੁੱਟਰ ਸੇਵੀਆਂ ਦੀ ਖੰਡ ਮਿੱਲ ਵੱਲ ਵੀ ਕਰੀਬ 55 ਕਰੋੜ ਦੇ ਬਕਾਏ ਖੜ੍ਹੇ ਹਨ।