ਮਿਹਰ ਸਿੰਘ
ਕੁਰਾਲੀ, 28 ਅਪਰੈਲ
ਬਲਾਕ ਮਾਜਰੀ ਦੇ ਪਿੰਡਾਂ ਵਿੱਚ ਭੂ-ਮਾਫ਼ੀਆ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਪੰਜਾਬ ਸਰਕਾਰ ਨੇ ਅੱਜ ਰਸੂਖ਼ਵਾਨ ਵਿਅਕਤੀ ਵੱਲੋਂ ਅਭੀਪੁਰ ਵਿੱਚ ਕਰੀਬ 29 ਏਕੜ ਜ਼ਮੀਨ ’ਤੇ ਕੀਤਾ ਕਬਜ਼ਾ ਹਟਾ ਕੇ ਜ਼ਮੀਨ ਪ੍ਰਸ਼ਾਸਨ ਦੇ ਕਬਜ਼ੇ ਅਧੀਨ ਕਰ ਲਈ ਹੈ। ਇਸ ਕਾਰਵਾਈ ਦੀ ਅਗਵਾਈ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ। ਬਾਦਲਾਂ ਦੇ ਸੁੱਖ ਵਿਲਾਸ ਹੋਟਲ ਦੇ ਨਾਲ ਲਗਦੀ ਇਸ 29 ਏਕੜ ਜ਼ਮੀਨ ਤੋਂ ਕਬਜ਼ਾ ਹਟਾਉਣ ਦੀ ਇਹ ਕਾਰਵਾਈ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਵਿਭਾਗ ਦੇ ਸਕੱਤਰ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪੁਲੀਸ ਦੀ ਹਾਜ਼ਰੀ ਵਿੱਚ ਕੀਤੀ ਗਈ।
ਜਾਣਕਾਰੀ ਮੁਤਾਬਕ ਸੁੱਖ ਵਿਲਾਸ ਹੋਟਲ ਨੇੜੇ ਸਥਿਤ ਜ਼ਮੀਨ ’ਤੇ ਇੱਕ ਰਸੂਖ਼ਵਾਨ ਵੱਲੋਂ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ। ਮੌਕੇ ’ਤੇ ਪੁੱਜੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਜ਼ਮੀਨ ਪੰਚਾਇਤ ਵਿਭਾਗ ਦੀ ਮਾਲਕੀ ਵਾਲੀ ਹੈ। ਇਸ ’ਤੇ ਗ਼ਲਤ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਪੇਂਡੂ ਵਿਕਾਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੁਰਾਣਾ ਕਬਜ਼ਾ ਹਟਾ ਕੇ ਜ਼ਮੀਨ ’ਤੇ ਆਪਣਾ ਕਬਜ਼ਾ ਕਰ ਲਿਆ ਹੈ।
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਬਿਕਰਮ ਸਿੰਘ ਨਾਮੀ ਵਿਅਕਤੀ ਵੱਲੋਂ ਸਾਲ 2007 ਤੋਂ ਇਸ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਮੁਹਾਲੀ ਵੱਲੋਂ ਇਸ ਜ਼ਮੀਨ ਤੋਂ ਨਾਜ਼ਾਇਜ ਕਬਜ਼ਾ ਹਟਾਉਣ ਲਈ ਸਾਲ 2014 ਵਿਚ ਹੁਕਮ ਜਾਰੀ ਕੀਤੇ ਗਏ ਸਨ ਪਰ ਕੁਝ ਕਾਨੂੰਨੀ ਅੜਚਣਾਂ ਦੇ ਚਲਦਿਆਂ ਵਿਭਾਗ ਦੇ ਅਧਿਕਾਰੀ ਅਤੇ ਪੰਚਾਇਤ ਇਹ ਕਬਜ਼ਾ ਛੁਡਵਾ ਨਹੀਂ ਸਕੇ ਸਨ। ਪੰਚਾਇਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਦਿਆਂ ਹੀ ਇਹ ਵੱਡੀ ਕਰਾਵਾਈ ਕਰਦਿਆਂ ਅੱਜ ਮੁਹਾਲੀ ਜ਼ਿਲ੍ਹੇ ਦੀ ਇਹ ਬਹੁ-ਕਰੋੜੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਲਿਆ ਗਿਆ ਹੈ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਾਅਦ ਇਹ ਜ਼ਮੀਨ ਸਰਕਾਰ ਦੇ ਕਬਜ਼ੇ ਵਿੱਚ ਆਈ ਹੈ। ਉਨ੍ਹਾਂ ਕਿਹਾ ਇਹ ਕਾਰਵਾਈ ਪੰਜਾਬ ਦੀ ਮੌਜੂਦਾ ਸਰਕਾਰ ਦੀ ਕੇਵਲ ਸ਼ੁਰੂਆਤ ਹੈ ਅਤੇ ਨੇੜਲੇ ਭਵਿੱਖ ਵਿੱਚ ਅਜਿਹੀਆਂ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਸ੍ਰੀ ਧਾਲੀਵਾਲ ਨੇ ਕਿਹਾ ਮੁਹਾਲੀ ਜ਼ਿਲ੍ਹੇ ਵਿੱਚ ਵੱਡੇ-ਵੱਡੇ ਲੋਕਾਂ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ 31 ਮਈ ਤੱਕ ਕਰੀਬ ਪੰਜ ਹਜ਼ਾਰ ਏਕੜ ਜ਼ਮੀਨ ਨੂੰ ਅਜਿਹੇ ਰਸੂਖ਼ਵਾਨਾਂ ਦੇ ਕਬਜ਼ੇ ਵਿੱਚੋਂ ਹਟਾਇਆ ਜਾਵੇਗਾ। ਉਨ੍ਹਾਂ ਜਸਟਿਸ ਕੁਲਦੀਪ ਸਿੰਘ ਵੱਲੋਂ ਨਾਜਾਇਜ਼ ਕਬਜ਼ਿਆਂ ਵਾਲੀ ਰਿਪੋਰਟ ਬਾਰੇ ਕਿਹਾ ਕਿ ਜਲਦ ਹੀ ਇਸ ਰਿਪੋਰਟ ਨੂੰ ਘੋਖ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।