ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਮਈ
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਕਰੀਬ ਤਿੰਨ ਦਹਾਕੇ ਮਗਰੋਂ ਅੱਜ ਸਰਕਾਰੀ ਕੋਠੀ ਛੱਡਣੀ ਪਈ ਹੈ| ਹਾਰਾਂ-ਜਿੱਤਾਂ ਦਾ ਦੌਰ ਵੀ ਹੁਣ ਤੱਕ ਬੀਬੀ ਭੱਠਲ ਤੋਂ ਇਹ ਕੋਠੀ ਖ਼ਾਲੀ ਨਹੀਂ ਸੀ ਕਰਾ ਸਕਿਆ| ‘ਆਪ’ ਸਰਕਾਰ ਨੇ ਬੀਬੀ ਭੱਠਲ ਨੂੰ 5 ਮਈ ਤੱਕ ਸੈਕਟਰ ਦੋ ਵਿਚਲੀ ਕੋਠੀ ਨੰਬਰ ਅੱਠ ਨੂੰ ਖ਼ਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ| ਅੱਜ ਨੋਟਿਸ ਦੀ ਆਖ਼ਰੀ ਤਾਰੀਖ਼ ਸੀ ਅਤੇ ਇਸੇ ਦੌਰਾਨ ਅੱਜ ਬੀਬੀ ਭੱਠਲ ਆਪਣਾ ਸਾਜ਼ੋ-ਸਾਮਾਨ ਸਰਕਾਰੀ ਬੰਗਲੇ ’ਚੋਂ ਲੈ ਗਏ ਹਨ| ਬੀਬੀ ਭੱਠਲ ਕੋਲ ਬੇਸ਼ੱਕ ਸਰਕਾਰੀ ਕੋਠੀ 1992 ਤੋਂ ਸੀ ਪ੍ਰੰਤੂ ਮੌਜੂਦਾ ਕੋਠੀ ਨੰਬਰ ਅੱਠ ਕਰੀਬ ਅੱਠ ਵਰ੍ਹਿਆਂ ਮਗਰੋਂ ਖ਼ਾਲੀ ਕੀਤੀ ਹੈ| ਬੀਬੀ ਭੱਠਲ ਲਈ ਸਰਕਾਰੀ ਬੰਗਲਾ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਦਾ ਕਾਰਨ ਬਣਿਆ ਰਿਹਾ| ਸੂਤਰ ਦੱਸਦੇ ਹਨ ਕਿ ਜਦੋਂ ‘ਆਪ’ ਸਰਕਾਰ ਨੇ ਹੁਣ ਕੋਠੀ ਖ਼ਾਲੀ ਕਰਨ ਵਾਸਤੇ ਕਿਹਾ ਤਾਂ ਅੱਗਿਓਂ ਬੀਬੀ ਭੱਠਲ ਨੇ ਤਰਕ ਦਿੱਤਾ ਕਿ ਉਹ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੇ ਵਾਈਸ ਚੇਅਰਮੈਨ ਹਨ| ਮੌਜੂਦਾ ਸਰਕਾਰ ਨੇ ਇਹ ਬੋਰਡ ਹੀ ਭੰਗ ਕਰ ਦਿੱਤਾ। ਉਸ ਮਗਰੋਂ ਬੀਬੀ ਭੱਠਲ ਕੋਲ ਸਿਵਾਏ ਸਰਕਾਰੀ ਕੋਠੀ ਖ਼ਾਲੀ ਕਰਨ ਤੋਂ ਕੋਈ ਚਾਰਾ ਨਹੀਂ ਬਚਿਆ| ਮੁੱਖ ਮੰਤਰੀ ਭਗਵੰਤ ਮਾਨ ਕਈ ਦਿਨਾਂ ਤੋਂ ਆਪਣੇ ਭਾਸ਼ਨਾਂ ਵਿਚ ਇਸ ਕੋਠੀ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਸਨ| ਜਾਣਕਾਰੀ ਅਨੁਸਾਰ ਬੀਬੀ ਭੱਠਲ ਜਦੋਂ 1992 ਵਿਚ ਕੈਬਨਿਟ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਨੂੰ ਸਰਕਾਰੀ ਕੋਠੀ ਅਲਾਟ ਹੋਈ ਸੀ| ਜਦੋਂ ਉਹ 1997 ‘ਚ ਵਿਰੋਧੀ ਧਿਰ ਦੇ ਨੇਤਾ ਬਣੇ ਤਾਂ ਉਨ੍ਹਾਂ ਕੋਲ ਕੋਠੀ ਨੰਬਰ 46 ਸੀ| 2002 ਵਿਚ ਉਹ ਮੁੜ ਮੰਤਰੀ ਬਣੇ ਤਾਂ ਬੰਗਲਾ ਕੋਲ ਹੀ ਰਿਹਾ| ਇਸੇ ਤਰ੍ਹਾਂ ਬੀਬੀ ਭੱਠਲ ਕੋਲ 2007 ਤੋਂ 2012 ਤੱਕ ਵੀ ਸਰਕਾਰੀ ਬੰਗਲਾ ਮੌਜੂਦ ਰਿਹਾ| ਜਦੋਂ 2013 ਵਿੱਚ ਕੋਠੀ ਨੰਬਰ 46 ਉਦੋਂ ਬਤੌਰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਅਲਾਟ ਕਰ ਦਿੱਤੀ ਗਈ ਤਾਂ ਬੀਬੀ ਭੱਠਲ ਨੇ ਕੋਠੀ ਖ਼ਾਲੀ ਕਰਨ ਤੋਂ ਇਨਕਾਰ ਕਰ ਦਿੱਤਾ| ਕਰੀਬ ਅੱਠ ਮਹੀਨੇ ਪਿੱਛੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੋਕ ਹਿੱਤ ਪਟੀਸ਼ਨ ਦਾਇਰ ਹੋ ਗਈ ਸੀ|
ਹਾਈ ਕੋਰਟ ਨੇ ਕੋਠੀ ਖ਼ਾਲੀ ਕਰਨ ਦਾ ਫ਼ੈਸਲਾ ਸੁਣਾ ਦਿੱਤਾ| ਉਦੋਂ ਹੀ ਬੀਬੀ ਭੱਠਲ ਨੂੰ 84 ਲੱਖ ਰੁਪਏ ਦਾ ਪੀਨਲ ਰੈਂਟ ਪਾ ਦਿੱਤਾ ਗਿਆ ਸੀ| ਜੁਲਾਈ 2013 ਵਿੱਚ ਕੋਠੀ ਨੰਬਰ 46 ਸੁਨੀਲ ਜਾਖੜ ਨੂੰ ਮਿਲ ਗਈ ਸੀ| ਸੂਤਰ ਦੱਸਦੇ ਹਨ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਦੋਂ ਕੋਠੀ ਨੰਬਰ 46 ਵਿੱਚ ਬੀਬੀ ਭੱਠਲ ਨੂੰ ਹੀ ਰੱਖਣਾ ਚਾਹੁੰਦੇ ਸਨ| ਉਸ ਮਗਰੋਂ ਬਾਦਲ ਨੇ ਬੀਬੀ ਭੱਠਲ ਨੂੰ ਕੋਠੀ ਨੰਬਰ ਅੱਠ ਅਲਾਟ ਕਰ ਦਿੱਤੀ ਸੀ ਜੋ ਅੱਜ ਖ਼ਾਲੀ ਕਰਨੀ ਪਈ ਹੈ| ਜਦੋਂ ਬੀਬੀ ਭੱਠਲ 2017 ਵਿਚ ਲਹਿਰਾਗਾਗਾ ਤੋਂ ਚੋਣ ਹਾਰ ਗਏ ਸਨ ਤਾਂ ਉਸ ਮਗਰੋਂ 2018 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੀ ਵਾਈਸ ਚੇਅਰਮੈਨ ਬਣਾ ਦਿੱਤਾ ਸੀ|