ਦਵਿੰਦਰ ਪਾਲ
ਚੰਡੀਗੜ੍ਹ, 13 ਦਸੰਬਰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਨਸ਼ਿਆਂ ਦੇ ਮੁੱਦੇ ’ਤੇ ਪੁਲੀਸ ਦੀ ਕਾਰਵਾਈ ਨੂੰ ਲੈ ਕੇ ਸਰਕਾਰ ਦੀ ਸ਼ਸ਼ੋਪੰਜ ਵਧਦੀ ਜਾ ਰਹੀ ਹੈ। ਇਸ ਮਾਮਲੇ ’ਤੇ ਚੱਲ ਰਹੀ ਸਰਕਾਰੀ ਵਿਚਾਰ ਚਰਚਾ ਦੌਰਾਨ ਅੱਜ ਵੱਡੀਆਂ ਘਟਨਾਵਾਂ ਵਾਪਰੀਆਂ। ਉਨ੍ਹਾਂ ਵਿੱਚ ਇੱਕ ਤਾਂ ਇਹੋ ਹੈ ਕਿ ਸ਼ਨਿੱਚਰਵਾਰ ਤੋਂ ਮੈਡੀਕਲ ਛੁੱਟੀ ’ਤੇ ਚਲੇ ਆ ਰਹੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਡਾਇਰੈਕਟਰ ਬਿਓਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਐੱਸ ਕੇ ਅਸਥਾਨਾ ਦੀ ਸਿਹਤ ਨਾਸਾਜ਼ ਹੋਣ ਕਾਰਨ ਉਹ ਬੀਤੀ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। ਇਸੇ ਦੌਰਾਨ ਦੇਰ ਸ਼ਾਮ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਕਰਨ ਲਈ ਇੱਕ ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਨੂੰ ਮੂਹਰੇ ਲਾਉਣ ਦੇ ਚਰਚੇ ਵੀ ਚੱਲ ਰਹੇ ਹਨ। ਸਭ ਤੋਂ ਅਹਿਮ ਤੱਥ ਇਹ ਹੈ ਕਿ ਅਮਰੀਕਾ ਦੇ ਇੱਕ ਵਟਸਐਪ ਨੰਬਰ ਤੋਂ ‘ਪੰਜਾਬੀ ਟ੍ਰਿਬਿਊਨ’ ਨੂੰ 4 ਸਫਿਆਂ ਦਾ ਅੰਗਰੇਜ਼ੀ ਵਿੱਚ ਲਿਖਿਆ ਇਕ ਨੋਟ ਹਾਸਲ ਹੋਇਆ ਹੈ। ਇਸ ਨੋਟ ’ਤੇ ਡਾਇਰੈਕਟਰ (ਬੀਓਆਈ) ਐੱਸ ਕੇ ਅਸਥਾਨਾ ਦੇ ਦਸਤਖਤ ਦੱਸੇ ਜਾ ਰਹੇ ਹਨ ਅਤੇ ਉਸ ’ਤੇ 11 ਦਸੰਬਰ ਦੀ ਤਰੀਕ ਹੈ। ਇਹ ਨੋਟ ਡੀਜੀਪੀ ਨੂੰ ਮੁਖਾਤਬਿ ਹੁੰਦਿਆਂ ਲਿਖਿਆ ਗਿਆ ਹੈ। ਇਸ ਨੋਟ ਰਾਹੀਂ ਕਿਹਾ ਗਿਆ ਹੈ ਕਿ ਸਾਰੇ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਇਸ ’ਤੇ ਅਗਲੀ ਕਾਰਵਾਈ ਕਰਨ ਲਈ ਅਦਾਲਤ ਦੀ ਇਜਾਜ਼ਤ ਜ਼ਰੂਰੀ ਹੈ। ਸੂਤਰਾਂ ਮੁਤਾਬਕ ਇਸ ਨੋਟ ਤੋਂ ਬਾਅਦ ਸਰਕਾਰ ਲਈ ਮੁਸ਼ਕਲ ਬਣ ਗਈ ਹੈ। ਇਸ ਸਮੇਂ ਸਰਕਾਰ ਦੀ ਇੱਕ ਉੱਚ ਪੱਧਰੀ ਮੀਟਿੰਗ ਵੀ ਹੋਈ ਹੈ ਜਿਸ ’ਚ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਉਤੇ ਵਿਚਾਰ ਕੀਤਾ ਗਿਆ ਹੈ। ਉਚ ਪੱਧਰੀ ਪੁਲੀਸ ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਅਧਿਕਾਰੀ ਇਸ ਮਾਮਲੇ ’ਤੇ ਹੱਥ ਪਾਉਣ ਤੋਂ ਕੰਨੀ ਕਤਰਾ ਰਹੇ ਹਨ। ਇਹੀ ਕਾਰਨ ਹੈ ਕਿ ਸ੍ਰੀ ਅਸਥਾਨਾ ਨੇ ਸ਼ੁੱਕਰਵਾਰ ਸ਼ਾਮ ਨੂੰ ਦੋ ਦਿਨ ਦੀ ਮੈਡੀਕਲ ਛੁੱਟੀ ਭੇਜ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਸ਼ਨਿੱਚਰਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਸ਼ਮੂਲੀਅਤ ਕਰਨ ਤੋਂ ਵੀ ਅਸਮਰੱਥਾ ਜਤਾਈ ਸੀ। ਸੂਤਰਾਂ ਮੁਤਾਬਕ ਇਸ ਪੁਲੀਸ ਅਧਿਕਾਰੀ ਦੀ ਸਿਹਤ ਸਬੰਧੀ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੂੰ ਪੁਖਤਾ ਜਾਣਕਾਰੀ ਹਾਸਲ ਕਰਨ ਲਈ ਵੀ ਕਿਹਾ ਗਿਆ ਸੀ ਅਤੇ ਹਸਪਤਾਲ ਦੇ ਡਾਕਟਰਾਂ ਨੇ ਅਸਥਾਨਾ ਦੇ ਸਾਹ ਲੈਣ ’ਚ ਤਕਲੀਫ਼ ਹੋਣ ਦੀ ਬਿਮਾਰੀ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਡਾਕਟਰਾਂ ਵੱਲੋਂ ਸ੍ਰੀ ਅਸਥਾਨਾ ਦੀ ਸਿਹਤ ਸਬੰਧੀ ਪ੍ਰਗਟਾਵਾ ਕੀਤਾ ਗਿਆ ਹੈ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਲਾਜ ਅਧੀਨ ਪੁਲੀਸ ਅਧਿਕਾਰੀ ਦੇ ਸਿਹਤਯਾਬ ਹੋਣ ’ਚ ਕੁੱਝ ਦਿਨ ਲੱਗ ਸਕਦੇ ਹਨ।
ਜ਼ਿਕਰਯੋਗ ਹੈ ਕਿ ਨਸ਼ਿਆਂ ਦੇ ਫੈਲਾਉ ਦੇ ਮਾਮਲੇ ਵਿਚ ਕਈ ਪ੍ਰਮੁੱਖ ਸਿਆਸੀ ਆਗੂਆਂ ਦੇ ਨਾਂ ਉਭਰਦੇ ਰਹੇ ਹਨ। ਅਸਥਾਨਾ ਦੇ ਕਥਿਤ ਨੋਟ ਅਤੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਸਰਕਾਰ ਜਿਨ੍ਹਾਂ ਮਾਮਲਿਆਂ ਦੀ ਪੜਤਾਲ ਮੁੜ ਤੋਂ ਖੋਲ੍ਹਣ ਬਾਰੇ ਕਹਿ ਰਹੀ ਹੈ, ਉਹ ਮਾਮਲੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਛੇੜੇ ਨਹੀਂ ਜਾ ਸਕਦੇ ਹਨ। ਇਸ ਕਾਰਨ ਪੁਲੀਸ ਅਧਿਕਾਰੀ ਇਸ ਮਾਮਲੇ ਨੂੰ ਹੱਥ ਪਾਉਣ ਤੋਂ ਗੁਰੇਜ਼ ਕਰ ਰਹੇ ਹਨ।
ਬੀਓਆਈ ਦੇ ਨਵੇਂ ਡਾਇਰੈਕਟਰ ਬਾਰੇ ਸਰਕਾਰ ਕਰ ਰਹੀ ਹੈ ਵਿਚਾਰ
ਪੰਜਾਬ ਪੁਲੀਸ ਵਿੱਚ ਡਾਇਰੈਕਟਰ ਬੀਓਆਈ ਦਾ ਅਹੁਦਾ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਮਹੱਤਵਪੂਰਨ ਅਪਰਾਧਿਕ ਮਾਮਲਿਆਂ ਦੀ ਜਾਂਚ ਬੀਓਆਈ ’ਚ ਤਾਇਨਾਤ ਅਧਿਕਾਰੀਆਂ ਨੇ ਹੀ ਕਰਨੀ ਹੁੰਦੀ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਡਾਇਰੈਕਟਰ ਬੀਓਆਈ ਦੀ ਅਸਾਮੀ ’ਤੇ ਕਿਸੇ ਹੋਰ ਪੁਲੀਸ ਅਧਿਕਾਰੀ ਦੀ ਤਾਇਨਾਤੀ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗ ਵਿੱਚ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਐੱਸਟੀਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ, ਐੱਸ ਕੇ ਅਸਥਾਨਾ, ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਦਿ ਵੀ ਸ਼ਾਮਲ ਹੁੰਦੇ ਰਹਿੰਦੇ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਤੈਅ ਹੋਇਆ ਸੀ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਾਰਵਾਈ ਬੀਓਆਈ ਨੇ ਹੀ ਕਰਨੀ ਹੈ।