ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਸਤੰਬਰ
ਇਲਾਕੇ ਵਿੱਚ ਇੱਕ ਨਵਵਿਆਹੀ ਕੁੜੀ ਦੀ ਨਸ਼ੇ ਵਿੱਚ ਧੁੱਤ ਹੋਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੱਜ ਪੁਲੀਸ ਨੇ ਇਸ ਲੜਕੀ ਦੀ ਸ਼ਨਾਖ਼ਤ ਕਰਕੇ ਇਸ ਨੂੰ ਇਲਾਜ ਲਈ ਸਥਾਨਕ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਹੈ। ਇਸ ਦੌਰਾਨ ਪੁਲੀਸ ਵੱਲੋਂ ਮਕਬੂਲਪੁਰਾ ਇਲਾਕੇ ਵਿੱਚ ਛਾਪਾਮਾਰੀ ਵੀ ਕੀਤੀ ਗਈ, ਜਿੱਥੋਂ ਕੁੱਝ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕੇ ਦੀ ਵਿਧਾਇਕਾ ਜੀਵਨਜੋਤ ਕੌਰ ਨੇ ਉਕਤ ਲੜਕੀ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਹੈ। ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਵਿਧਾਇਕਾ ਨੇ ਦੱਸਿਆ ਕਿ ਇਹ ਕੁੜੀ ਲਹਿਰਾਗਾਗਾ ਇਲਾਕੇ ਨਾਲ ਸਬੰਧਤ ਹੈ ਤੇ ਇੱਥੇ ਅੰਮ੍ਰਿਤਸਰ ਆਈ ਹੋਈ ਸੀ। ਵਿਧਾਇਕਾ ਵੱਲੋਂ ਲੜਕੀ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਗਈ, ਪਰ ਉਨ੍ਹਾਂ ਕੋਈ ਹਾਮੀ ਨਹੀਂ ਭਰੀ, ਜਿਸ ਮਗਰੋਂ ਲੜਕੀ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਵੱਲੋਂ ਪਹਿਲਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਗਿਆ ਸੀ, ਪਰ ਉਹ ਉਥੋਂ ਭੱਜ ਗਈ ਸੀ। ਇਸ ਦੌਰਾਨ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਥਾਣਾ ਮਕਬੂਲਪੁਰਾ ਦੇ ਇਲਾਕੇ ਵਿੱਚ ਚਾਰ ਥਾਣਿਆਂ ਦੀ ਪੁਲੀਸ ਵੱਲੋਂ ਅੱਜ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਤਿੰਨ ਵਿਅਕਤੀਆਂ ਨੂੰ 117 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸੱਤ ਹੋਰ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਹੋਏ ਹਨ।