ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਧਰਮ ਪ੍ਰਚਾਰ ਵਿੰਗ ਨੇ ਇਕ 14 ਸਾਲਾ ਬੱਚੀ ਦੀ ਸਿੱਖ ਧਰਮ ’ਚ ਮੁੜ ਵਾਪਸੀ ਕਰਵਾਈ ਹੈ। ਇਹ ਬੱਚੀ ਅਮਰਜੀਤ ਕੌਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜਿਆਣੀ ਦੀ ਰਹਿਣ ਵਾਲੀ ਹੈ, ਜਿਸ ਨੂੰ ਪਿਛਲੇ ਦਿਨੀਂ ਕਥਿਤ ਗੁਮਰਾਹ ਕਰ ਕੇ ਈਸਾਈ ਧਰਮ ਵਿੱਚ ਸ਼ਾਮਲ ਕਰਵਾਇਆ ਗਿਆ ਸੀ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪਿੰਡ ਦੇ ਗੁਰਦੁਆਰੇ ਵਿੱਚ ਪੰਚਾਇਤ ਦੀ ਹਾਜ਼ਰੀ ’ਚ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਕੇ ਬੱਚੀ ਦੀ ਮੁੜ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦਾ ਧਰਮ ਪਰਿਵਰਤਨ ਕਰਵਾਉਣ ’ਤੇ ਪ੍ਰਸ਼ਾਸਨ ਨੇ ਉਸ ਦੀ ਚਾਚੀ ਮਾਤਾ ਰਾਣੀ ਠਾਕੁਰ ਤੇ ਪਾਸਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।