ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 19 ਅਗਸਤ
ਮੋਗਾ ਦੇ ਸਟੇਡੀਅਮ ਦੀ ਛੱਤ ਤੋਂ 12 ਅਗਸਤ ਨੂੰ ਥੱਲੇ ਸੁੱਟੀ ਗਈ ਲੜਕੀ ਲੁਧਿਆਣਾ ਦੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਵਾਲੇ ਤੇ ਛੱਤ ਤੋਂ ਥੱਲੇ ਸੁੱਟਣ ਵਾਲੇ ਲੜਕੇ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤੇ ਗਏ, ਜਿਸ ਦੇ ਰੋਸ ਵਜੋਂ ਪੀੜਤ ਲੜਗੀ ਨੇ ‘ਆਪ’ ਸਰਕਾਰ ਤੇ ਪੰਜਾਬ ਪੁਲੀਸ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਲੜਕੀ ਬਾਸਕਟਬਾਲ ਦੀ ਸੂਬਾ ਪੱਧਰੀ ਖਿਡਾਰਨ ਤੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਲੜਕੀ ਦੇ ਪੈਰ, ਲੱਤ, ਜਬਾੜੇ ਤੇ ਲੱਕ ਆਦਿ ’ਤੇ ਗੰਭੀਰ ਸੱਟਾਂ ਵੱਜੀਆਂ ਹਨ। ਮੋਗਾ ਸਿਟੀ ਪੁਲੀਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਜਤਿਨ ਕੰਡਾ ਤੇ ਉਸ ਦੇ ਸਾਥੀਆਂ ਖਿਲਾਫ਼ ਕੇਸ ਤਾਂ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲੀਸ ਵੱਲੋਂ ਟੀਮਾਂ ਬਣਾ ਕੇ ਦੋਸ਼ੀਆਂ ਦੀ ਸਰਗਰਮੀ ਨਾਲ ਤਲਾਸ਼ ਜਾਰੀ ਹੈ।