ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜੁਲਾਈ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ਕਮੇਟੀ ਦੀ ਮੀਟਿੰਗ ਅੱਜ ਕਮੇਟੀ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਮੀਟਿੰਗ ਦੀ ਸ਼ੁਰੂਆਤ ਵਿੱਚ ਮਹਾਨ ਗ਼ਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ ਤੇ ਇਨਕਲਾਬੀ ਸਾਹਿਤਕ ਸ਼ਖਸੀਅਤ ਸੁਰੇਂਦਰ ਹੇਮ ਜਯੋਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਇਸ ਵਾਰ 31ਵਾਂ ਗਦਰੀ ਬਾਬਿਆਂ ਦਾ ਮੇਲਾ ਸਾਮਰਾਜੀ ਤੇ ਫਾਸ਼ੀਵਾਦੀ ਹਮਲੇ ਖ਼ਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਹੋਵੇਗਾ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ ਦਾ ਮੇਲਾ ਸਾਮਰਾਜੀ ਤੇ ਬਹੁ-ਕੌਮੀ ਕੰਪਨੀਆਂ ਦੇ ਚੌਤਰਫ਼ੇ ਹੱਲੇ, ਫ਼ਿਰਕੂ/ਫਾਸ਼ੀ ਹਨੇਰੀ ਅਤੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਨਿਸ਼ਾਨੇ ਬਣਾਏ ਜਾਣ ਦੇ ਮਾਰੂ ਹਮਲਿਆਂ ਨੂੰ ਪਛਾੜਨ ਲਈ ਉੱਠੀਆਂ ਲਹਿਰਾਂ ਨੂੰ ਸਮਰਪਿਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲਹਿਰਾਂ ਦੌਰਾਨ ਕੁਰਬਾਨੀਆਂ ਦੇਣ ਵਾਲੇ ਜੁਝਾਰੂਆਂ ਦੀ ਸ਼ਾਨਾਮੱਤੀ ਭੂਮਿਕਾ ਤੋਂ ਪ੍ਰੇਰਨਾ ਲੈਂਦਿਆਂ ਲੋਕਾਂ ਨੂੰ ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦਿੱਤਾ ਜਾਵੇਗਾ। ਇਸ ਵਾਰ ਪਹਿਲੀ ਨਵੰਬਰ ਦੀ ਸਵੇਰ ਨੂੰ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਮੈਂਬਰ ਤੇ ਉੱਘੇ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਨਿਭਾਉਣਗੇ। ਸ਼ਹੀਦ ਊਧਮ ਸਿੰਘ ਦੀ ਸੋਚ ਤੇ ਕਰਨੀ ਨੂੰ ਸਿਜਦਾ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਨੂੰ ਮੇਲੇ ਦੌਰਾਨ ‘ਮੁਹੰਮਦ ਸਿੰਘ ਆਜ਼ਾਦ ਨਗਰ’ ਦਾ ਨਾਂ ਦਿੱਤਾ ਜਾਵੇਗਾ ਤੇ ਪ੍ਰਵੇਸ਼ ਦੁਆਰ ਵੀ ਇਸ ਨਾਂ ’ਤੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 30, 31 ਅਕਤੂਬਰ ਤੇ 1 ਨਵੰਬਰ ਨੂੰ ਹੋ ਰਹੇ ਤਿੰਨ ਰੋਜ਼ਾ ਮੇਲੇ ’ਚ ਗਾਇਨ, ਭਾਸ਼ਣ, ਪੇਂਟਿੰਗ, ਕੁਇੱਜ਼, ਕਵੀ ਦਰਬਾਰ, ਫ਼ਿਲਮ ਸ਼ੋਅ, ਗੀਤ-ਸੰਗੀਤ ਤੇ ਨਾਟਕ ਖੇਡੇ ਜਾਣਗੇ। ਮੇਲੇ ਲਈ ਪਾਕਿਸਤਾਨ ਤੋਂ ਕਵੀਆਂ, ਨਾਟਕਕਾਰਾਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਤੇ ਬਾਹਰਲੀਆਂ ਵੰਨ-ਸੁਵੰਨੀਆਂ ਕਲਾ ਕ੍ਰਿਤਾਂ ਨਾਲ ਮੇਲਾ ਬੁਲੰਦੀਆਂ ਛੋਹੇਗਾ।
ਮੀਟਿੰਗ ਦੌਰਾਨ ਪਾਸ ਕੀਤੇ ਮਤਿਆਂ ’ਚ ਮੰਗ ਕੀਤੀ ਗਈ ਕਿ ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਵੇ, ਦਾਖਲਾ ਟਿਕਟਾਂ ਲਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ, ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਖਾਲਸਾ ਨਿਵਾਸ ਅੰਮ੍ਰਿਤਸਰ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ ਤੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।