ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਪਰੈਲ
ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸਾਲਾਨਾ ਯਾਤਰਾ ਵਾਸਤੇ 22 ਮਈ ਨੂੰ ਖੋਲ੍ਹੇ ਜਾਣਗੇ। ਇਹ ਫੈ਼ਸਲਾ ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਨੇ ਉਤਰਾਖੰਡ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਲਿਆ ਹੈ। ਇਸ ਦੀ ਜਾਣਕਾਰੀ ਅੱਜ ਇਥੇ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਭਾਰਤੀ ਫੌ਼ਜ ਦੇ 418 ਇੰਡੀਪੈਂਡੈਂਟ ਇੰਜਨੀਅਰ ਕੋਰ ਦੇ ਦਸਤੇ ਨੇ ਇਸ ਸਬੰਧੀ ਜਾਇਜ਼ਾ ਲਿਆ ਹੈ। ਫੌ਼ਜ ਦੀ ਟੀਮ ਨੇ ਕੁਝ ਦਿਨ ਪਹਿਲਾਂ ਵੀ ਦੌਰਾ ਕੀਤਾ ਸੀ ਤੇ ਹੁਣ ਮੁੜ ਸਮੀਖਿਆ ਕੀਤੀ ਹੈ। ਉਕਤ ਟੀਮ ਅਤੇ ਟਰੱਸਟ ਦੇ ਆਗੂਆਂ ਤੇ ਸੇਵਾਦਾਰਾਂ ਦੀ ਮੀਟਿੰਗ ਮਗਰੋਂ ਅੱਜ ਸਾਲਾਨਾ ਯਾਤਰਾ ਤਹਿਤ 22 ਮਈ ਨੂੰ ਸਵੇਰੇ ਸਾਢੇ ਦਸ ਵਜੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦਾ ਫੈ਼ਸਲਾ ਕੀਤਾ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਇਹ ਯਾਤਰਾ ਪੰਥਕ ਰਵਾਇਤਾਂ ਨਾਲ ਗੁਰਦੁਆਰਾ ਗੋਬਿੰਦਘਾਟ ਤੋਂ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਹੇਮਕੁੰਟ ਸਾਹਿਬ ਵਿੱਚ ਲਗਪਗ ਦਸ ਫੁਟ ਤੱਕ ਬਰਫ਼ ਜੰਮੀ ਹੋਈ ਹੈ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਫਿਲਹਾਲ ਗੁਰਦੁਆਰਾ ਗੋਬਿੰਦਧਾਮ ਦੇ ਰਾਹ ਵਿੱਚ ਵੀ ਤਿੰਨ ਤੋਂ ਚਾਰ ਫੁਟ ਤੱਕ ਬਰਫ਼ ਜੰਮੀ ਹੋਈ ਹੈ ਤੇ ਇਸ ਦੇ ਨਾਲ ਹੀ ਇੱਕ ਹਿੰਮ ਖੰਡ ’ਤੇ ਵੀ ਰਾਹ ਬਣਾਉਣ ਦੀ ਲੋੜ ਪਵੇਗੀ। ਇਸੇ ਤਰ੍ਹਾਂ ਹਾਲੇ ਅਟਲਾਕੋਟੀ ਗਲੇਸ਼ੀਅਰ ਵਿੱਚ ਵੀ ਬਰਫ਼ ਬਹੁਤ ਹੈ। ਇਸ ਵੇਲੇ ਹੇਮਕੁੰਟ ਸਾਹਿਬ ਵਿੱਚ ਗੁਰਦੁਆਰੇ ਦੀ ਪਹਿਲੀ ਮੰਜ਼ਿਲ ਤੱਕ ਬਰਫ਼ ਜੰਮੀ ਹੋਈ ਹੈ।