ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 20 ਅਪਰੈਲ
ਜੇਲ੍ਹ ਵਿੱਚ ਬੰਦ ਗੈਂਗਸਟਰ ਸੁੱਖ ਭਿਖਾਰੀਵਾਲ ਅਤੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਲਵੀ ਨੇ ਗੁਰਦਾਸੁਪਰ ਦੇ ਇੱਕ ਕਲੋਨਾਈਜ਼ਰ ਸਿਮਰਨਜੀਤ ਸਿੰਘ ਤੋਂ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਹ ਫਿਰੌਤੀ ਵਟਸਐਪ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਮੰਗੀ ਗਈ ਅਤੇ ਫਿਰੌਤੀ ਨਾ ਦੇਣ ’ਤੇ ਜਾਨ-ਮਾਲ ਦੇ ਨੁਕਸਾਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਅਤੇ ਉਸ ਦੇ ਸਾਥੀ ਗੈਂਗਸਟਰ ਲਵਦੀਪ ਸਿੰਘ ਉਰਫ਼ ਲਵੀ, ਜੋ ਹੁਣ ਨਿਊਜ਼ੀਲੈਂਡ ਰਹਿੰਦਾ ਹੈ, ਨੇ ਉਸ ਕੋਲੋਂ ਵਟਸਐਪ ਕਾਲ ਅਤੇ ਮੈਸੇਜ ਰਾਹੀਂ ਫਿਰੌਤੀ ਮੰਗੀ ਹੈ।