ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 5 ਜਨਵਰੀ
ਪੰਜਾਬ ਸਰਕਾਰ ਵੱਲੋਂ ਸਾਲ ਪਹਿਲਾਂ ਆਰੰਭੀ ਗਈ ਪਟਵਾਰੀਆਂ, ਜ਼ਿਲ੍ਹਾਦਾਰ ਤੇ ਨਹਿਰੀ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਹਾਲੇ ਵੀ ਪੂਰੀ ਨਹੀਂ ਹੋ ਸਕੀ ਹੈ। ਨਿਯੁਕਤੀ ਪੱਤਰ ਮਿਲਣ ਦੀ ਉਡੀਕ ਲੰਮੀ ਹੋਣ ਕਾਰਨ ਨੌਜਵਾਨਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਅੱਜ ਉਕਤ ਨੌਜਵਾਨ ਉਮੀਦਵਾਰਾਂ ਨੇ ਵਰ੍ਹਦੇ ਮੀਂਹ ਵਿੱਚ ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਬਾਹਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਪਟਵਾਰੀ ਉਮੀਦਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸਐੱਸਐੱਸ ਬੋਰਡ ਰਾਹੀਂ 1152 ਪਟਵਾਰੀਆਂ, ਜ਼ਿਲ੍ਹਾਦਾਰ ਤੇ ਨਹਿਰੀ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਲਈ ਜਨਵਰੀ 2021 ਵਿੱਚ ਇਸ਼ਤਿਹਾਰ ਜਾਰੀ ਕੀਤਾ ਸੀ, ਪਰ ਸਾਲ ਬੀਤਣ ਤੋਂ ਬਾਅਦ ਵੀ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਬੋਰਡ ਨੇ ਹੁਣ ਤੱਕ ਚੁਣੇ ਹੋਏ ਉਮੀਦਵਾਰਾਂ ਦੀ ਸੂਚੀ ਤਿਆਰ ਨਹੀਂ ਕੀਤੀ, ਜਦਕਿ ਉਕਤ ਅਸਾਮੀਆਂ ਦੀ ਭਰਤੀ ਲਈ ਐੱਸਐੱਸਐੱਸ ਬੋਰਡ ਵੱਲੋਂ ਦੋ ਪੇਪਰ ਲਏ ਜਾ ਚੁੱਕੇ ਹਨ, ਜਿਸ ਦਾ ਨਤੀਜਾ ਬੀਤੀ 17 ਸਤੰਬਰ ਨੂੰ ਐਲਾਨਿਆ ਗਿਆ ਸੀ। ਉਮੀਦਵਾਰਾਂ ਦੀ ਕਾਊਂਸਲਿੰਗ ਵੀ 9 ਤੋਂ 20 ਦਸੰਬਰ ਦਰਮਿਆਨ ਹੋ ਚੁੱਕੀ ਹੈ, ਪਰ ਹੁਣ ਤੱਕ ਉਮੀਦਵਾਰਾਂ ਦੀ ਸੂਚੀ ਤਿਆਰ ਨਹੀਂ ਕੀਤੀ ਗਈ। ਇਸ ਕੰਮ ਵਿੱਚ ਦੇਰੀ ਕਾਰਨ ਐੱਸਐੱਸਐੱਸ ਬੋਰਡ ਦੇ ਸਕੱਤਰ ਅਮਨਦੀਪ ਬਾਂਸਲ ਦਾ ਅਚਾਨਕ ਛੁੱਟੀ ’ਤੇ ਜਾਣਾ ਦੱਸਿਆ ਗਿਆ ਹੈ। ਸਰਕਾਰ ਵੱਲੋਂ ਹੁਣ ਕਮਲ ਕੁਮਾਰ ਨੂੰ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਮੀਦਵਾਰਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ ਤੇ ਨਿਯੁਕਤੀ ਪੱਤਰ ਮਿਲਣ ਲਈ ਇੰਤਜ਼ਾਰ ਹੋਰ ਲੰਮਾ ਹੋ ਸਕਦਾ ਹੈ। ਉਮੀਦਵਾਰਾਂ ਨੇ ਦੱਸਿਆ ਕਿ ਉਹ ਕਈ ਵਾਰ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਮਿਲ ਚੁੱਕੇ ਹਨ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਦੌਰਾਨ ਐੱਸਐੱਸਐੱਸ ਬੋਰਡ ਦੇ ਚੇਅਰਮੈਨ ਨੇ ਪੀੜਤ ਨੌਜਵਾਨਾਂ ਨਾਲ ਮੀਟਿੰਗ ਕੀਤੀ ਤੇ ਭਰੋਸਾ ਦਿੱਤਾ ਕਿ ਉਕਤ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਬਾਕੀ ਰਹਿੰਦੀ ਕਾਰਵਾਈ ਨੂੰ 3 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਚੇਅਰਮੈਨ ਦੇ ਭਰੋਸੇ ਤੋਂ ਬਾਅਦ ਉਮੀਦਵਾਰਾਂ ਨੇ ਧਰਨਾ ਸਮਾਪਤ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਤਿੰਨ ਦਿਨਾਂ ਵਿੱਚ ਉਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।