ਇਕਬਾਲ ਸਿੰਘ ਸ਼ਾਂਤ
ਲੰਬੀ, 20 ਜੂਨ
ਅੱਜ ਸਵੇਰੇ ਕਰੀਬ ਸਾਢੇ ਨੌਂ ਵਜੇ ਪਿੰਡ ਚਨੂੰ ਵਿਖੇ ਸਥਿਤ ਯੂਨੀਵਰਸਲ ਬਾਇਓਮਾਸ ਬਿਜਲੀ ਪਲਾਂਟ ਦੇ ਬਾਲਣ ਵਜੋਂ ਵਰਤੇ ਜਾਂਦੀਆਂ ਪਰਾਲੀ ਦੀ ਗੱਠਾਂ ਦੇ ਢੇਰਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੇ ਬਿਜਲੀ ਪਲਾਂਟ ਦੇ ਬਾਹਰ ਨੇੜਲੇ ਰਕਬੇ ਵਿਚ ਬਾਲਣ ਦੇ ਕਾਫੀ ਢੇਰਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਅੱਗ ਲੱਗਣ ਉਪਰੰਤ ਪਲਾਂਟ ਦਾ ਅਮਲਾ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਿਆ ਪਰ ਅੱਗ ਦੇ ਭਖਵੇਂ ਰੁਖ਼ ਮੂਹਰੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਟਿਕ ਨਾ ਸਕੀਆਂ।
ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪੁੱਜ ਚੁੱਕੀਆਂ ਹਨ। ਪਲਾਂਟ ਦੇ ਐੱਮਡੀ ਪਵਨਪ੍ਰੀਤ ਸਿੰਘ ਬੌਬੀ ਬਾਦਲ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਅੱਗ ਦੇ ਕਾਰਨਾਂ ਦਾ ਨਹੀਂ ਪਤਾ ਪਰ ਅੱਗ ਕਾਫੀ ਭਿਆਨਕ ਹੈ, ਜਿਸ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।