ਪਰਸ਼ੋਤਮ ਬੱਲੀ
ਬਰਨਾਲਾ, 4 ਜੁਲਾਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੇ ਰੇਲਵੇ ਸਟੇਸ਼ਨ ’ਤੇ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਧਰਨੇ ਦੇ 277ਵੇਂ ਦਿਨ ਨਾਕਸ ਬਿਜਲੀ ਪ੍ਰਬੰਧਾਂ ਤੇ ਜਮ੍ਹਾਂਖ਼ੋਰੀ ਬਾਰੇ ਚਰਚਾ ਹੋਈ। ਅੱਜ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਰੋਧ ਦੇ ਬਾਵਜੂਦ ਬਿਜਲੀ ਉਤਪਾਦਨ ਦਾ ਨਿੱਜੀਕਰਨ ਕਰ ਦਿੱਤਾ। ‘ਬਿਜਲੀ ਸਰਪਲੱਸ’ ਕਹੇ ਜਾਣ ਵਾਲੇ ਸੂਬੇ ਦੀ ਸਰਕਾਰ ਨਾ ਤਾਂ ਖੇਤੀ ਖੇਤਰ ਨੂੰ ਪੂਰੀ ਬਿਜਲੀ ਸਪਲਾਈ ਕਰ ਰਹੀ ਹੈ ਅਤੇ ਨਾ ਹੀ ਘਰੇਲੂ ਤੇ ਵਪਾਰਕ ਖੇਤਰ ਨੂੰ। ਸੁੱਕ ਰਹੇ ਝੋਨੇ ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ। ਬਿਜਲੀ ਦੇ ਨਾਕਸ ਪ੍ਰਬੰਧਾਂ ਵਿਰੁੱਧ 5 ਜੁਲਾਈ ਨੂੰ ਦਿਨ ਭਰ ਲਈ ਬਿਜਲੀ ਬੋਰਡ ਬਰਨਾਲਾ ਦੇ ਕਾਰਜਕਾਰੀ ਇੰਜਨੀਅਰ ਦੇ ਦਫਤਰ ਦੇ ਘਿਰਾਉ ਕੀਤਾ ਜਾਵੇਗਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸਿੰਘ ਠੁੱਲੀਵਾਲ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ, ਪਰਮਜੀਤ ਕੌਰ ਠੀਕਰੀਵਾਲਾ, ਯਾਦਵਿੰਦਰ ਸਿੰਘ ਚੌਹਾਨਕੇ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਹਰਚਰਨ ਚੰਨਾ, ਗੁਰਵਿੰਦਰ ਸਿੰਘ ਕਾਲੇਕਾ ਨੇ ਸੰਬੋਧਨ ਕੀਤਾ। ਧਰਨੇ ‘ਚ 4 ਸਾਲਾ ਲੜਕੇ ਕਪਤਾਨ ਸਿੰਘ ਪੁੱਤਰ ਲੱਖਾ ਗਰੇਵਾਲ ਮਹਿਲ ਕਲਾਂ ਨੇ ਖੇਤੀ ਕਾਨੂੰਨਾਂ ਬਾਰੇ ਤਕਰੀਰ ਕੀਤੀ ਅਤੇ ਬਹੁਤ ਜ਼ਜਬਾਤੀ ਗੀਤ ਸੁਣਾਇਆ। ਮਨਜੀਤ ਕੌਰ ਤੇ ਜਸਵੀਰ ਕੌਰ ਮਹਿਲ ਕਲਾਂ ਨੇ ਇਨਕਲਾਬੀ ਗੀਤ ਸੁਣਾ ਕੇ ਪੰਡਾਲ ‘ਚ ਜੋਸ਼ ਭਰਿਆ। ਰੁਲਦੂ ਸਿੰਘ ਸ਼ੇਰੋਂ ਤੇ ਜਗਦੀਸ਼ ਲੱਧਾ ਨੇ ਵੀ ਗੀਤ ਸੁਣਾਏ।