ਪਾਲ ਸਿੰਘ ਨੌਲੀ
ਜਲੰਧਰ, 19 ਫਰਵਰੀ
ਦੋਆਬਾ ਖਿੱਤੇ ਵਿਚ ਕੁੱਲ 23 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਇਨ੍ਹਾਂ ਵਿੱਚ ਅੱਠ ਰਾਖਵੀਆਂ ਸੀਟਾਂ ਹਨ। ਦੋਆਬੇ ਵਿੱਚ ਚਾਰ ਜ਼ਿਲ੍ਹੇ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਆਉਂਦੇ ਹਨ। ਇਸ ਖਿੱਤੇ ’ਚ ਚਾਰ ਵਿਧਾਨ ਸਭਾ ਹਲਕੇ ਅਜਿਹੇ ਹਨ, ਜਿਹੜੇ ਸਿਆਸੀ ਚੋਣ ਵਿਸ਼ਲੇਸ਼ਕਾਂ ਦਾ ਧਿਆਨ ਖਿੱਚ ਰਹੇ ਹਨ। ਇਨ੍ਹਾਂ ਵਿੱਚੋਂ ਦੋ ਵਿਧਾਨ ਸਭਾ ਹਲਕੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹਨ, ਜਦ ਕਿ ਇਕ-ਇਕ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਹੈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਯੋਜਨਾਬੱਧ ਢੰਗ ਨਾਲ ਚਲਾਈ ਗਈ ਚੋਣ ਮੁਹਿੰਮ ਨੇ ਕਾਂਗਰਸ ਨੂੰ ਵੱਡੀ ਸੱਟ ਮਾਰੀ ਹੈ। ਹਾਲਾਂਕਿ ਉਹ ਦਾਅਵਾ ਕਰ ਰਹੇ ਹਨ ਕਿ ਉਹ ਆਜ਼ਾਦ ਜਿੱਤ ਕੇ ਵੀ ਸੀਟ ਕਾਂਗਰਸ ਦੀ ਝੋਲੀ ਪਾਉਣਗੇ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਗੱਲ ਨੂੰ ਵਾਰ-ਵਾਰ ਦੁਹਰਾਇਆ ਹੈ ਕਿ ਜੇਕਰ ਉਨ੍ਹਾਂ ਦਾ ਪੁੱਤਰ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਘੱਟ ਵੋਟਾਂ ਲੈ ਗਿਆ ਤਾਂ ਉਹ ਸਿਆਸਤ ਛੱਡ ਦੇਣਗੇ ਤੇ ਆਪਣੀ ਕਪੂਰਥਲਾ ਤੋਂ ਜਿੱਤੀ ਹੋਈ ਸੀਟ ਤੋਂ ਵੀ ਅਸਤੀਫ਼ਾ ਦੇ ਦੇਣਗੇ।
ਕਪੂਰਥਲਾ ਹਲਕੇ ਦੀ ਦੂਜੀ ਸੀਟ ਭੁਲੱਥ ਦੀ ਹੈ। ਬੀਬੀ ਜਗੀਰ ਕੌਰ ਪੰਜਵੀਂ ਵਾਰ ਚੋਣ ਲੜ ਰਹੇ ਹਨ, ਜਦਕਿ ਸੁਖਪਾਲ ਸਿੰਘ ਖਹਿਰਾ ਛੇਵੀਂ ਵਾਰ ਚੋਣ ਮੈਦਾਨ ਵਿੱਚ ਹਨ। ਭੁਲੱਥ ਹਲਕੇ ਤੋਂ ਬੀਬੀ ਜਗੀਰ ਕੌਰ ਨੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਸੀ, ਜਦ ਕਿ ਖਹਿਰਾ ਦੋ ਵਾਰ ਜਿੱਤੇ ਹਨ। ਬੀਬੀ ਜਗੀਰ ਕੌਰ ਪੰਥਕ ਹਲਕਿਆਂ ਵਿੱਚ ਵੱਡੇ ਆਗੂ ਵਜੋਂ ਜਾਣੇ ਜਾਂਦੇ ਹਨ।
ਜਲੰਧਰ ਜ਼ਿਲ੍ਹੇ ਦੀ ਜਲੰਧਰ ਛਾਉਣੀ ਸੀਟ ਵੀ ਹਮੇਸ਼ਾ ਚਰਚਾ ਵਿੱਚ ਰਹੀ ਹੈ ਕਿਉਂਕਿ ਇਸ ਸੀਟ ’ਤੇ ਸਭ ਤੋਂ ਵੱਧ ਸਮੇਂ ਤੱਕ ਕਾਂਗਰਸ ਦਾ ਕਬਜ਼ਾ ਰਿਹਾ ਹੈ। ਉਹ ਇਥੋਂ ਲਗਾਤਾਰ ਦੋ ਵਾਰ ਵਿਧਾਇਕ ਬਣੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਜਲੰਧਰ ਛਾਉਣੀ ਤੋਂ ਸੀਟ 2007 ਵਿੱਚ ਜਿੱਤੀ ਸੀ ਤੇ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਗਟ ਸਿੰਘ ਚੋਣ ਜਿੱਤੇ ਸਨ। ਭਾਰਤੀ ਹਾਕੀ ਟੀਮ ਦਾ ਕਪਤਾਨ ਹੋਣ ਕਾਰਨ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਆਢਾ ਲੈਣ ਕਾਰਨ ਪਰਗਟ ਸਿੰਘ ਚਰਚਾ ਵਿੱਚ ਆ ਗਏ ਸਨ। ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ਵਿੱਚ ਵੀ ਗਿਣਿਆ ਜਾਂਦਾ ਹੈ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਆਉਂਦੀ ਨਵਾਂਸ਼ਹਿਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦਾ ਬਾਗੀ ਵਿਧਾਇਕ ਅੰਗਦ ਸਿੰਘ ਆਜ਼ਾਦ ਤੌਰ ’ਤੇ ਚੋਣ ਲੜ ਰਿਹਾ ਹੈ। ਉਨ੍ਹਾਂ ਦੀ ਪਤਨੀ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੀ ਹੈ। ਅੰਗਦ ਸਿੰਘ ਦੀ ਟਿਕਟ ਕੱਟਣ ਦਾ ਉਦੋਂ ਪਤਾ ਲੱਗਿਆ ਸੀ, ਜਦੋਂ ਕਾਂਗਰਸ ਹਾਈ ਕਮਾਨ ਨੇ ਤੀਜੀ ਅਤੇ ਆਖਰੀ ਲਿਸਟ ਜਾਰੀ ਕੀਤੀ ਤਾਂ ਉਸ ਵਿੱਚ ਵੀ ਉਨ੍ਹਾਂ ਦਾ ਨਾਂ ਨਹੀਂ ਸੀ। ਹੁਣ ਅੰਗਦ ਸਿੰਘ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਸਤਵੀਰ ਸਿੰਘ ਪੱਲੀਝਿੱਕੀ ਖ਼ਿਲਾਫ਼ ਮੈਦਾਨ ਵਿੱਚ ਹਨ।