ਜਗਮੋਹਨ ਸਿੰਘ
ਰੂਪਨਗਰ, 14 ਜਨਵਰੀ
ਪੁਰਖਾਲੀ ਤੋਂ ਬਿੰਦਰਖ ਨੂੰ ਜਾਂਦੀ ਸੜਕ ’ਤੇ ਪੈਂਦੇ ਹਰੀਪੁਰ ਨਾਲੇ ’ਤੇ ਪੁਲ ਬਣਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੱਖੇ ਗਏ ਨੀਂਹ ਪੱਥਰ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ। ਇਸ ਸਬੰਧੀ ਕਾਂਗਰਸੀ ਆਗੂ ਤੇ ਪਿੰਡ ਪੁਰਖਾਲੀ ਦੇ ਸਰਪੰਚ ਦਿਲਬਰ ਸਿੰਘ ਨੇ ਪੁਲੀਸ ਚੌਕੀ ਪੁਰਖਾਲੀ ਵਿੱਚ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸਰਪੰਚ ਦਿਲਬਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 18 ਦਸੰਬਰ 2021 ਨੂੰ 8.24 ਕਰੋੜ ਰੁਪਏ ਦੀ ਲਾਗਤ ਨਾਲ ਨਾਲੇ ’ਤੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣ ਮਗਰੋਂ ਕੰਮ ਵੀ ਜੰਗੀ ਪੱਧਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਸੀ, ਪਰ ਕਿਸੇ ਸ਼ਰਾਰਤੀ ਅਨਸਰ ਨੇ ਬੀਤੀ ਰਾਤ ਨੀਂਹ ਪੱਥਰ ਤੋੜ ਦਿੱਤਾ। ਇਸ ਕਰਕੇ ਸਮੁੱਚੇ ਕਾਂਗਰਸੀ ਵਰਕਰਾਂ ਤੇ ਇਲਾਕਾ ਵਾਸੀਆਂ ਦੇ ਮਨਾਂ ਨੂੰ ਭਾਰੀ ਠੇਸ ਲੱਗੀ ਹੈ। ਇਸ ਸਬੰਧੀ ਪੁਲੀਸ ਚੌਕੀ ਪੁਰਖਾਲੀ ਦੇ ਇੰਚਾਰਜ ਲੇਖਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।