ਜਗਮੋਹਨ ਸਿੰਘ
ਰੂਪਨਗਰ, 3 ਜੁਲਾਈ
ਜ਼ਿਲ੍ਹਾ ਰੂਪਨਗਰ ਦੇ ਜੰਗਲਾਤ ਵਿਭਾਗ ਅਧੀਨ ਪੁਰਖਾਲੀ ਵਿੱਚ ਬਤੌਰ ਬਲਾਕ ਅਫਸਰ ਤਾਇਨਾਤ ਅਵਤਾਰ ਸਿੰਘ ਨੇ ਦਰੱਖਤਾਂ ਤੋਂ ਸੱਖਣੀਆਂ ਪਈਆਂ ਪਹਾੜੀਆਂ ਨੂੰ ਹਰਿਆਵਲ ਬਣਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਪਿੰਡਾਂ ਦੇ ਵਾਤਾਵਰਣ ਪ੍ਰੇਮੀਆਂ ਨੂੰ ਪ੍ਰੇਰਿਤ ਕਰ ਕੇ ਜੰਗਲ ਦੀਆਂ ਪਹਾੜੀਆਂ ’ਤੇ ਸੁਖਚੈਨ ਦੇ ਬੀਜ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਕੰਮ ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾਉਣ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਬਾਹਰ ਹੈ। ਭਾਵ ਕਿ ਇਹ ਕੰਮ ਉਨ੍ਹਾਂ ਵੱਲੋਂ ਆਪਣੀ ਨਿੱਜੀ ਦਿਲਚਸਪੀ ਤਹਿਤ ਬਿਨਾਂ ਮਹਿਕਮੇ ਦਾ ਕੋਈ ਪੈਸਾ ਖਰਚ ਕੀਤਿਆਂ ਕਰਵਾਇਆ ਜਾ ਰਿਹਾ ਹੈ। ਇਸ ਕੰਮ ਲਈ ਜਿੱਥੇ ਉਹ ਖੁਦ ਆਪਣੀ ਰੁਝੇਵਿਆਂ ਭਰੀ ਡਿਊਟੀ ਵਿੱਚੋਂ ਸਮਾਂ ਕੱਢ ਕੇ ਲੋਕਾਂ ਨਾਲ ਰਲ ਕੇ ਖੁਦ ਕਹੀ ਚਲਾਉਂਦੇ ਹੋਏ ਨਜ਼ਰ ਆਉਂਦੇ ਹਨ, ਉੱਥੇ ਹੀ ਪਿੰਡਾਂ ਦੇ ਵਾਤਾਵਰਣ ਪ੍ਰੇਮੀ ਵੀ ਸਵੈ-ਇੱਛੁਕ ਤੌਰ ’ਤੇ ਬਿਨਾਂ ਕੋਈ ਪੈਸਾ ਵਸੂਲੇ ਸੁਖਚੈਨ ਦੇ ਬੀਜ ਬੀਜਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੀ ਮਦਦ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਹ ਸੁਖਚੈਨ ਦੇ ਬੀਜ ਬੀਜਣ ਤੋਂ ਲੈ ਕੇ ਪੌਦਿਆਂ ਦੇ ਰੁੱਖ ਬਣਨ ਤੱਕ ਸਮਾਜ ਸੇਵਾ ਦੇ ਤੌਰ ’ਤੇ ਜੰਗਲਾਤ ਵਿਭਾਗ ਦੀ ਮਦਦ ਕਰਦੇ ਰਹਿਣਗੇ।
ਬਲਾਕ ਅਫਸਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵਾਰੀ ਲਗਪਗ 20,000 ਬੀਜ ਬੀਜਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਜੇਕਰ ਉਨ੍ਹਾਂ ਦੀ ਮੁਹਿੰਮ ਸਫ਼ਲ ਹੋ ਗਈ ਤਾਂ ਇਸ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਮਾਜਰੀ ਘਾੜ ਦੀ ਇੱਕ ਪਹਾੜੀ ’ਤੇ ਬੀਜ ਬੀਜੇ ਚਾ ਚੁੱਕੇ ਹਨ ਅਤੇ ਦੋ ਹੋਰ ਪਹਾੜੀਆਂ ’ਤੇ ਬੀਜ ਬੀਜਣ ਤੋਂ ਬਾਅਦ ਨੇੜਲੇ ਪਿੰਡ ਕਕੌਟ ਵਿੱਚ ਵੀ ਇਹ ਬੀਜ ਬੀਜੇ ਜਾਣਗੇ।