ਦਵਿੰਦਰ ਪਾਲ
ਚੰਡੀਗੜ੍ਹ, 18 ਮਈ
ਪੰਜਾਬ ਕਾਂਗਰਸ ’ਚ ਛਿੜੀ ਖਾਨਾਜੰਗੀ ਦੌਰਾਨ ਅੱਜ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ’ਚ ਮੰਤਰੀਆਂ, ਇੱਕ ਸੰਸਦ ਮੈਂਬਰ ਅਤੇ ਵਿਧਾਇਕਾਂ ਦੀ ਮੀਟਿੰਗ ਕਾਰਨ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ। ਕਾਂਗਰਸ ਹਾਈ ਕਮਾਨ ਦੇ ਦਖ਼ਲ ਤੋਂ ਬਾਅਦ ਵੀ ਮਾਮਲਾ ਹਾਲ ਦੀ ਘੜੀ ਠੰਢਾ ਨਹੀਂ ਪੈ ਰਿਹਾ। ਸ੍ਰੀ ਚੰਨੀ ਦੀ ਰਿਹਾਇਸ਼ ’ਤੇ ਅੱਜ ਦੁਪਹਿਰ ਸਮੇਂ ਹੋਈ ਮੀਟਿੰਗ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਵਿਧਾਇਕ ਪਰਗਟ ਸਿੰਘ, ਨੱਥੂ ਰਾਮ ਤੇ ਸੁਰਜੀਤ ਸਿੰਘ ਧੀਮਾਨ ਹਾਜ਼ਰ ਸਨ।
ਮੀਟਿੰਗ ’ਚੋਂ ਬਾਹਰ ਆਉਣ ਤੋਂ ਬਾਅਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਡਰਾਉਣ ਲਈ ਵਿਜੀਲੈਂਸ, ਪੁਲੀਸ ਅਤੇ ਮਹਿਲਾ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਵਰਤੋਂ ਦਾ ਵਿਰੋਧ ਕਰਦਿਆਂ ਕਿਹਾ, ‘ਮੈਂ ਜੇਲ੍ਹ ਜਾਣ ਲਈ ਤਿਆਰ ਹਾਂ।’ ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਖ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਮਾਮਲੇ ਨਾਲ ਜੁੜੇ ਗੋਲੀ ਕਾਂਡਾਂ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਹੈ। ਉਨ੍ਹਾਂ ਕਿਹਾ ਕਿ ਇੱਕ ਗਿਣੀ-ਮਿੱਥੀ ਸਾਜਿਸ਼ ਤਹਿਤ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੱਲ ਵਿਧਾਇਕਾਂ ਜਾਂ ਮੰਤਰੀਆਂ ਦੀ ਗਿਣਤੀ ਦੀ ਨਹੀਂ, ਮੁੱਦੇ ਦੀ ਹੈ ਅਤੇ ਜੇਕਰ ਇਸ ਮੁੱਦੇ ’ਤੇ ਇਕੱਲਿਆਂ ਲੜਾਈ ਲੜਨੀ ਪਈ ਤਾਂ ਉਹ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਸ੍ਰੀ ਰੰਧਾਵਾ ਨੇ ਤਕਨੀਕੀ ਸਿੱਖਿਆ ਮੰਤਰੀ ਨੂੰ ਦਬਕਾਉਣ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਕੀਤੀ ਬਿਆਨਬਾਜ਼ੀ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਹਿਲਾਵਾਂ ’ਤੇ ਅੱਤਿਆਚਾਰ ਅਤੇ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਉਸ ਸਮੇਂ ਮਹਿਲਾ ਕਮਿਸ਼ਨ ਤੇ ਇਸ ਦੀ ਮੁਖੀ ਦੀ ਜ਼ੁਬਾਨ ਬੰਦ ਰਹਿੰਦੀ ਹੈ ਜਦਕਿ ਇੱਕ ਮੰਤਰੀ ਖ਼ਿਲਾਫ਼ ਬਿਨਾਂ ਸ਼ਿਕਾਇਤ ਤੋਂ ਡਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਖੁਲਾਸਾ ਕੀਤਾ ਕਿ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚੰਨੀ ਖ਼ਿਲਾਫ਼ ਮਹਿਲਾ ਕਮਿਸ਼ਨ ਵੱਲੋਂ ਖੋਲ੍ਹੇ ਮੋਰਚੇ ਤੋਂ ਬਾਅਦ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਹਮਾਇਤ ਵਿੱਚ ਇਕੱਠੇ ਹੋਏ ਸਨ। ਸ੍ਰੀ ਚੰਨੀ ਵੱਲੋਂ ਪਹਿਲਾਂ ਤਾਂ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ’ਤੇ ਸਥਿਤੀ ਸਪੱਸ਼ਟ ਕੀਤੀ ਜਾਣੀ ਸੀ ਪਰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੀ ਰਾਤ ਸ੍ਰੀ ਚੰਨੀ ਨੂੰ ਮੀਡੀਆ ’ਚ ਗੱਲ ਕਰਨ ਤੋਂ ਰੋਕ ਦਿੱਤਾ ਤੇ ਕਿਹਾ ਕਿ ਮਾਮਲਾ ਸੁਲਝਾਉਣ ਲਈ ਚਾਰ ਕੁ ਦਿਨਾਂ ਦਾ ਸਮਾਂ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਾਲ 2018 ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਵੱਲੋਂ ਪੰਜਾਬ ਦੀ ਇੱਕ ਮਹਿਲਾ ਆਈਏਐੱਸ ਅਧਿਕਾਰੀ ਨੂੰ ਭੇਜੇ ਵਟਸਐਪ ਸੁਨੇਹੇ ਦੇ ਮਾਮਲੇ ’ਤੇ ਕਾਰਵਾਈ ਕਰਨ ਲਈ ਕਿਹਾ ਹੈ। ਸ੍ਰੀਮਤੀ ਗੁਲਾਟੀ ਨੇ ਤਾਂ ਧਰਨਾ ਦੇਣ ਦੀ ਚੇਤਾਵਨੀ ਤੱਕ ਦਿੱਤੀ ਹੈ। ਸੂਤਰਾਂ ਮੁਤਾਬਕ ਅੱਜ ਦੀ ਮੀਟਿੰਗ ’ਚ ਤੈਅ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਹਾਈ ਕਮਾਨ ਦਾ ਰੁਖ਼ ਵੇਖ ਲਿਆ ਜਾਵੇ ਤੇ ਇਸ ਮਗਰੋਂ ਰਣਨੀਤੀ ਬਣਾਈ ਜਾਵੇ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ।
ਆਪਣੇ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਸਾਜ਼ਿਸ਼ਾਂ ਤੇ ਪੜਤਾਲਾਂ ਕਰਨਾ ਨਿੰਦਣਯੋਗ: ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਹੀ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਸਾਜ਼ਿਸ਼ਾਂ ਤੇ ਪੜਤਾਲਾਂ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਸਾਲ 2017 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੁਗਾਉਣ ਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਮੁੱਦੇ ’ਤੇ ਕੋਈ ਕਾਰਵਾਈ ਨਾ ਹੋਣ ਕਾਰਨ ਪਾਰਟੀ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਥਾਂ ਆਪਣੇ ਹੀ ਵਿਧਾਇਕਾਂ ਤੇ ਮੰਤਰੀਆਂ ਨੂੰ ਡਰਾਇਆ ਜਾ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਹੋਈ ਮੀਟਿੰਗ ਨੇ ਸੂਬੇ ਦੇ ਸਿਆਸੀ ਹਲਕਿਆਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਸੂਤਰਾਂ ਮੁਤਾਬਕ ਦੋਵਾਂ ਆਗੂਆਂ ਦਰਮਿਆਨ ਹੋਈ ਮੀਟਿੰਗ ਵਿੱਚ ਸੂਬੇ ਦੇ ਤਾਜ਼ਾ ਸਿਆਸੀ ਹਾਲਾਤ ’ਤੇ ਚਰਚਾ ਕੀਤੀ ਗਈ। ਸ੍ਰੀ ਢੀਂਡਸਾ ਨੇ ਇਸ ਘਟਨਾਕ੍ਰਮ ਨੂੰ ਸ਼ਿਸ਼ਟਾਚਾਰ ਮਿਲਣੀ ਕਿਹਾ।