ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਅਕਤੂਬਰ
ਤਾਲਾਬੰਦੀ ਦੌਰਾਨ ਗਰੀਬਾਂ ’ਚ ਵੰਡਿਆ ਜਾਣ ਵਾਲਾ ਆਟਾ ਇਥੋਂ ਦੇ ਜੌਗਰ ਪਾਰਕ ’ਚ ਦੱਬਿਆ ਹੋਇਆ ਮਿਲਿਆ ਹੈ। ਇਹ ਆਟਾ ਲੰਘੀ ਰਾਤ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਦੀ ਹਾਜ਼ਰੀ ’ਚ ਇਥੇ ਜ਼ਮੀਨ ’ਚ ਦੱਬਿਆ ਗਿਆ। ਰੌਲਾ ਪੈਣ ’ਤੇ ਮੌਕੇ ’ਤੇ ਪੁੱਜੇ ਨਿਗਮ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ’ਚ ਜੇਸੀਬੀ ਰਾਹੀਂ ਇਹ ਆਟਾ ਜ਼ਮੀਨ ’ਚੋਂ ਬਾਹਰ ਕੱਢਿਆ ਗਿਆ।
ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਤੀ ਦੇਰ ਰਾਤ ਨੂੰ ਜੌਗਰ ਪਾਰਕ ’ਚ ਆਟਾ ਦਬਵਾਇਆ ਸੀ। ਮਾਮਲੇ ਦੀ ਸੂਹ ਲੱਗਦਿਆਂ ਹੀ ਪੱਤਰਕਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਪਾਰਕ ’ਚ ਪੁੱਜੇ ਅਤੇ ਅਧਿਕਾਰੀਆਂ ਦੀ ਹਾਜ਼ਰੀ ’ਚ ਜੇਸੀਬੀ ਨਾਲ ਦੱਬਿਆ ਹੋਇਆ ਆਟਾ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਵੇਖਣ ’ਚ ਆਇਆ ਕਿ ਪ੍ਰਾਈਵੇਟ ਤੌਰ ’ਤੇ ਖ੍ਰੀਦਿਆ ਇਹ ਆਟਾ ਥੈਲੀਆਂ ਸਮੇਤ ਹੀ ਦਫ਼ਨਾਇਆ ਹੋਇਆ ਸੀ। ਕੁੱਝ ਆਟਾ ਥੈਲੀਆਂ ਖੋਲ੍ਹ ਕੇ ਸੁੱਟਿਆ ਗਿਆ ਸੀ ਜਿਸ ਤੋਂ ਸ਼ੱਕ ਜ਼ਾਹਿਰ ਹੋਇਆ ਕਿ ਇਹ ਆਟਾ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਹੋਵੇਗਾ।
ਨਿਗਮ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਟਾ ਉਨ੍ਹਾਂ ਵੱਲੋਂ ਕੱਲ੍ਹ ਸ਼ਾਮ ਨੂੰ ਦੱਬਿਆ ਗਿਆ ਸੀ। ਉਨ੍ਹਾਂ ਆਖਿਆ ਕਿ ਨਿਗਮ ਅਧਿਕਾਰੀਆਂ ਅਤੇ ਮਾਲੀਆਂ ਆਦਿ ਨੇ ਆਪਣੇ ਘਰਾਂ ’ਚੋਂ ਸੇਵਾ ਅਧੀਨ ਇਹ ਆਟਾ ਇਕੱਠਾ ਕੀਤਾ ਸੀ। ਨਸ਼ਟ ਕੀਤੇ ਆਟੇ ਦਾ ਵਜ਼ਨ ਕਰੀਬ 7-8 ਕੁਇੰਟਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਕਰਫਿਊ ਖੁੱਲ੍ਹਣ ’ਤੇ ਕੰਮ ਦਾ ਦਬਾਅ ਇਕ ਦਮ ਵਧ ਗਿਆ, ਜਿਸ ਕਾਰਨ ਆਟਾ ਵੰਡਿਆ ਨਹੀਂ ਜਾ ਸਕਿਆ ਅਤੇ ਸੁੰਢੀ ਪੈਣ ਕਰਕੇ ਬਦਬੂ ਆਉਣ ਲੱਗ ਪਈ।
ਮੌਕੇ ’ਤੇ ਮੌਜੂਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਦੀਪ ਜੀਦਾ, ਸ਼ਹਿਰੀ ਆਗੂ ਅੰਮ੍ਰਿਤ ਲਾਲ ਅਗਰਵਾਲ, ਯੂਥ ਆਗੂ ਅਮਰਦੀਪ ਸਿੰਘ ਰਾਜਨ ਤੇ ਅਨਿਲ ਠਾਕੁਰ ਨੇ ਕਿਹਾ ਕਿ ਲੋੜਵੰਦਾਂ ਲਈ ਸਰਕਾਰਾਂ ਵੱਲੋਂ ਭੇਜਿਆ ਗਿਆ ਆਟਾ ਜਾਂ ਤਾਂ ਕਿਸੇ ਸਿਆਸੀ ਆਗੂ ਦੇ ਕੋਲ ਜਾਂ ਸਰਕਾਰੀ ਅਧਿਕਾਰੀ ਕੋਲ ਸਟਾਕ ਕੀਤਾ ਹੋਇਆ ਸੀ, ਜੋ ਹੁਣ ਇੱਥੇ ਦੱਬਿਆ ਗਿਆ।
ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਰੋਨਾ ਸੰਕਟ ਦੌਰਾਨ ਗਰੀਬਾਂ ’ਚ ਵੰਡਣ ਲਈ ਆਏ ਅਨਾਜ ਦਾ ਪੂਰੇ ਸੂਬੇ ’ਚ ਘਪਲਾ ਹੋਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਲੋੜਵੰਦਾਂ ਨੂੰ ਅਨਾਜ ਤੋਂ ਵਾਂਝਾ ਰੱਖਿਆ ਗਿਆ ਅਤੇ ਹੁਣ ਬਚੇ ਹੋਏ ਆਟੇ ਨੂੰ ਬਠਿੰਡਾ ਦੇ ਜੌਗਰ ਪਾਰਕ ’ਚ ਦਬਾ ਦਿੱਤਾ ਗਿਆ। ਉਨ੍ਹਾਂ ਮਾਮਲੇ ਦੀ ਉਚ ਪੱਧਰੀ ਪੜਤਾਲ ਦੀ ਮੰਗ ਕੀਤੀ।
ਨਗਰ ਨਿਗਮ ਦੇ ਕਮਿਸ਼ਨਰ ਕਰਨਗੇ ਮਾਮਲੇ ਦੀ ਜਾਂਚ
ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਜੋ ਚੀਜ਼ ਕਿਸੇ ਦੇ ਢਿੱਡ ’ਚ ਪੈਣੀ ਚਾਹੀਦੀ ਸੀ, ਉਸ ਨੂੰ ਇਸ ਤਰ੍ਹਾਂ ਦੱਬਣਾ ਬਹੁਤ ਵੱਡੀ ਬੇਅਦਬੀ ਹੈ। ਇਸ ਮਾਮਲੇ ਸਬੰਧੀ ਜੋ ਵੀ ਵਿਅਕਤੀ ਜ਼ਿੰਮੇਵਾਰ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਨੇ ਮਾਮਲੇ ਦੀ ਪੂਰੀ ਜਾਂਚ ਖੁਦ ਕਰਨ ਦੀ ਗੱਲ ਕਹੀ।