ਖੇਤਰੀ ਪ੍ਰਤੀਨਿਧ
ਪਟਿਆਲਾ, 1 ਦਸੰਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਪੀਆਰਟੀਸੀ ਦਾ ਪਹਿਲਾ ਸਬ-ਡਿਪੂ ਸਥਾਪਤ ਹੋਵੇਗਾ, ਜਿਸ ਨਾਲ 25 ਬੱਸਾਂ ਜੋੜੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪੀਆਰਟੀਸੀ ਦੇ ਨੌਂ ਡਿਪੂ ਹਨ ਪਰ ਪੰਜਾਬ ’ਚ ਕਿਤੇ ਵੀ ਸਬ-ਡਿਪੂ ਨਹੀਂ ਸੀ। ਇਹ ਫ਼ੈਸਲਾ ਪੀਆਰਟੀਸੀ ਦੇ ਨਵ-ਨਿਯੁਕਤ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਹੇਠ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਦੀ ਪਲੇਠੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੌਰਾਨ ਪੀਆਰਟੀਸੀ ਵੱਲੋਂ 255 ਨਵੀਆਂ ਬੱਸਾਂ ਪਾਉਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਸੁਪਰਵਾਈਜ਼ਰੀ ਸਟਾਫ਼ ਦੀ ਘਾਟ ਦੇ ਹਵਾਲੇ ਨਾਲ ਨਵੀਂ ਭਰਤੀ ਹੋਣ ਤੱਕ ਪੰਜਾਬ ਰੋਡਵੇਜ਼ ਵਿੱਚੋਂ ਅੱਧੀ ਦਰਜਨ ਅਧਿਕਾਰੀ ਵੀ ਡੈਪੂਟੇਸ਼ਨ ’ਤੇ ਪੀਆਰਟੀਸੀ ਵਿੱਚ ਲਿਆਉਣ ਦੇ ਮਤੇ ’ਤੇ ਵੀ ਮੋਹਰ ਲਾਈ।