ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੂਨ
‘ਆਪ’ ਸਰਕਾਰ ਦਾ ਬਜਟ ਸਨਅਤੀ ਸ਼ਹਿਰ ਦੇ ਸਨਅਤਕਾਰਾਂ ਨੂੰ ਪਸੰਦ ਨਹੀਂ ਆਇਆ। ਸਨਅਤਕਾਰਾਂ ਨੇ ਇਸ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ। ਸਨਅਤਕਾਰਾਂ ਅਨੁਸਾਰ ਪਿਛਲੀਆਂ ਸਰਕਾਰ ਵਾਂਗ ‘ਆਪ’ ਨੇ ਵੀ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਦਿੱਤੀ ਹੈ। ਸਰਕਾਰ ਨੇ ਸਨਅਤਕਾਰਾਂ ਨੂੰ ਕੋਈ ਵੱਡੀ ਰਾਹਤ ਨਹੀਂ ਦਿੱਤੀ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਦੀ ਅਗਵਾਈ ਕਰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ 3161 ਕਰੋੜ ਰੁਪਏ ਇੰਡਸਟਰੀ ਵਿੱਚ ਵਪਾਰ ਵਧਾਉਣ ਲਈ ਰੱਖੇ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਪੈਸਾ ਕਿਸ ਇੰਡਸਟਰੀ ਲਈ ਹੈ। ਭਾਵ ਕਿ ਇਹ ਪੈਸਾ ਹੈਵੀ ਇੰਡਸਟਰੀ ਲਈ ਹੈ, ਦਰਿਮਆਨੀ ਲਈ ਜਾਂ ਫਿਰ ਲਘੂ ਉਦਯੋਗਾਂ ਲਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ‘ਆਪ’ ਨੇ ਸਨਅਤਾਂ ਨੂੰ ਪੰਜ ਰੁਪਏ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਪੂਰਾ ਨਹੀਂ ਹੋਇਆ।
ਨਿੱਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਨੇ ਕਿਹਾ ਕਿ ਸਰਕਾਰ ਨੇ ਹੌਜ਼ਰੀ ਸਨਅਤਾਂ ਲਈ ਟੈਕਸ ’ਚ ਕੋਈ ਰਾਹਤ ਨਹੀਂ ਦਿੱਤੀ। ਲੁਧਿਆਣਾ ਵੱਡਾ ਸੈਂਟਰ ਹੈ। ਦੂਸਰੇ ਪਾਸੇ ਵੈਟ ਰਿਫੰਡ ’ਚ ਵੀ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਹਜ਼ਾਰ ਕਰੋੜ ਰੁਪਏ ਨਾਲ ਮੈਗਾ ਟੈਕਸਟਾਈਲ ਪਾਰਕ ਬਣਾਉਣ ਦੀ ਜੋ ਗੱਲ ਕਹੀ ਹੈ, ਜੇਕਰ ਸਰਕਾਰ ਇਹ ਬਣਾ ਦਿੰਦੀ ਹੈ ਤਾਂ ਹੌਜ਼ਰੀ ਕਾਰੋਬਾਰ ਨੂੰ ਫਾਇਦਾ ਮਿਲੇਗਾ। ਸਨਅਤਕਾਰ ਬਦੀਸ਼ ਜਿੰਦਲ ਨੇ ਕਿਹਾ ਕਿ ਪੰਜਾਬ ਦੀਆਂ ਸਨਅਤਾਂ ਨੂੰ ਮੁਕੰਮਲ ਬੁਨਿਆਦੀ ਢਾਂਚਾ ਮਿਲਣਾ ਚਾਹੀਦਾ ਹੈ, ਜਿਸ ’ਤੇ ਸਰਕਾਰ ਨੂੰ ਪਹਿਲਾਂ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਕੱਲੇ ਵਾਅਦਿਆਂ ਨਾਲ ਕੰਮ ਨਹੀਂ ਚੱਲੇਗਾ।
ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਸੁਨੀਲ ਮਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਖੋਖਲਾ ਹੈ।
ਖੇਡ ਸਨਅਤ ਦੀ ਮਦਦ ਲਈ ਕੋਈ ਪੈਕੇਜ ਨਾ ਐਲਾਨਣ ’ਤੇ ਕਾਰੋਬਾਰੀ ਨਾਖੁਸ਼
ਜਲੰਧਰ (ਨਿੱਜੀ ਪੱਤਰ ਪ੍ਰੇਰਕ): ‘ਆਪ’ ਸਰਕਾਰ ਦੇ ਪਲੇਠੇ ਬਜਟ ਨੇ ਵਪਾਰੀਆਂ ਤੇ ਸਨਅਤਕਾਰਾਂ ਨੂੰ ਨਿਰਾਸ਼ ਕੀਤਾ ਹੈ। ਕਾਰੋਬਾਰੀਆਂ ਅਨੁਸਾਰ ਸੂਬੇ ਦੀ ਸਨਅਤ ਨੂੰ ਮਜ਼ਬੂਤ ਕਰਨ ਲਈ ਵੱਡੇ ਆਰਥਿਕ ਪੈਕੇਜ ਦੀ ਸਖ਼ਤ ਲੋੜ ਹੈ ਪਰ ਬਜਟ ਵਿੱਚ ਅਜਿਹਾ ਕੁੱਝ ਨਹੀਂ ਹੈ, ਜਿਸ ਨਾਲ ਕਾਰੋਬਾਰੀਆਂ ਨੂੰ ਕੋਈ ਰਾਹਤ ਮਿਲ ਸਕੇ। ਖੇਡਾਂ ਦਾ ਸਾਮਾਨ ਵੇਚਣ ਵਾਲੇ ਕਾਰੋਬਾਰੀ ਰਵਿੰਦਰ ਧੀਰ ਨੇ ਕਿਹਾ ਕਿ ‘ਆਪ’ ਸਰਕਾਰ ਨੇ ਬਜਟ ਬਣਾਉਣ ਲਈ ਲੋਕਾਂ ਕੋਲੋਂ ਸੁਝਾਅ ਮੰਗੇ ਸਨ ਪਰ ਇੱਕ ਸੁਝਾਅ ’ਤੇ ਵੀ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਨੋਟਬੰਦੀ, ਫਿਰ ਜੀਐੱਸਟੀ ਅਤੇ ਮਗਰੋਂ ਕਰੋਨਾ ਮਹਾਮਾਰੀ ਨੇ ਕਾਰੋਬਾਰ ਨੂੰ ਅਜਿਹਾ ਥੱਲੇ ਲਾਹਿਆ ਹੈ ਕਿ ਬਹੁਤ ਸਾਰੇ ਕਾਰੋਬਾਰੀ ਆਪਣਾ ਕਾਰੋਬਾਰ ਸਮੇਟ ਕੇ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਲਈ 3163 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 48.06 ਫ਼ੀਸਦੀ ਵੱਧ ਹੈ ਅਤੇ ਇਸ ਦੇ ਨਾਲ ਹੀ ਵਪਾਰੀ ਕਮਿਸ਼ਨ ਦਾ ਗਠਨ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ ਪਰ ਇਸ ਵੇਲੇ ਖੇਡ ਸਨਅਤ ਨੂੰ ਤੁਰੰਤ ਆਰਥਿਕ ਮਦਦ ਦੀ ਲੋੜ ਹੈ, ਜਿਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹੈਂਡਟੂਲ ਨਾਲ ਸਬੰਧਤ ਸਨਅਤਕਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ ਪੰਜ ਹਜ਼ਾਰ ਤੋਂ ਵੱਧ ਕਾਰੋਬਾਰੀ ਯੂਨਿਟ ਹਨ, ਜਿਨ੍ਹਾਂ ਦੀ ਮਦਦ ਲਈ ਕੋਈ ਪੈਕੇਜ ਨਹੀਂ ਐਲਾਨਿਆ ਗਿਆ।