ਬੀਐੱਸ ਚਾਨਾ
ਕੀਰਤਪੁਰ ਸਾਹਿਬ, 1 ਨਵੰਬਰ
ਨਜ਼ਦੀਕੀ ਪਿੰਡ ਦੈਹਣੀ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡ ਬਘੇਰੀ ਵਿੱਚ ਹਿਮਾਚਲ-ਪੰਜਾਬ ਦੀ ਸਰਹੱਦ ’ਤੇ ਲੱਗੀ ਅਲਟਰਾਟੈੱਕ ਸੀਮਿੰਟ ਫੈਕਟਰੀ ਨੇੜੇ ਅੱਜ ਤੜਕੇ ਅੱਗ ਲੱਗਣ ਨਾਲ ਦੋ ਢਾਬਿਆਂ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਸਵੇਰੇ 3 ਵਜੇ ਇਨ੍ਹਾਂ ਢਾਬਿਆਂ ਵਿੱਚ ਅੱਗ ਲੱਗ ਗਈ। ਇਕ ਢਾਬੇ ਦੇ ਮਾਲਕ ਲਕਸ਼ਮੀ ਚੰਦ ਵਾਸੀ ਪਿੰਡ ਧਰੋਟ ਤਹਿਸੀਲ ਨੈਣਾ ਦੇਵੀ ਨੇ ਦੱਸਿਆ ਕਿ ਅੱਗ ਲੱਗਣ ਨਾਲ ਲੱਕੜ ਦੇ ਕਾਊਂਟਰ, ਤਿੰਨ ਫਰਿੱਜ, ਟੇਬਲ, ਕੁਰਸੀਆਂ, ਭੱਠੀਆਂ, ਰਾਸ਼ਨ ਦਾ ਸਾਮਾਨ ਤੇ ਨਕਦੀ ਆਦਿ ਸੜ ਕੇ ਸੁਆਹ ਹੋ ਗਏ ਤੇ ਉਸ ਦਾ ਕਰੀਬ ਤਿੰਨ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਦੂਜੇ ਢਾਬੇ ਦੇ ਮਾਲਕ ਜੀਤ ਰਾਮ ਵਾਸੀ ਪਿੰਡ ਬੈਹਲ ਤਹਿਸੀਲ ਨਾਲਾਗੜ੍ਹ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਢਾਬੇ ਅੰਦਰ ਪਿਆ ਰਾਸ਼ਨ, ਮੰਜੇ, ਫ਼ਰਿਜ, ਟੇਬਲ ਤੇ ਕੁਰਸੀਆਂ ਆਦਿ ਸੜ ਗਈਆਂ ਤੇ ਉਸ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਇਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿੱਚ ਆ ਗਿਆ।
ਪੀੜਤ ਢਾਬਾ ਮਾਲਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਊਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਊਹ ਆਪਣਾ ਰੁਜ਼ਗਾਰ ਮੁੜ ਸ਼ੁਰੂ ਕਰ ਸਕਣ। ਊਨ੍ਹਾਂ ਕਿਹਾ ਕਿ ਊਹ ਸ਼ੈੱਡ ਪਾ ਕੇ ਆਪਣੇ ਢਾਬੇ ਚਲਾ ਰਹੇ ਸਨ ਤੇ ਊਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਤਹਿਸੀਲਦਾਰ ਨੇ ਘਟਨਾ ਦਾ ਜਾਇਜ਼ਾ ਲਿਆ
ਨਾਲਾਗੜ੍ਹ ਦੀ ਤਹਿਸੀਲਦਾਰ ਰੀਤਿਕਾ ਜਿੰਦਲ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਉਹ ਸਰਕਾਰ ਨੂੰ ਕੇਸ ਬਣਾ ਕੇ ਭੇਜ ਰਹੀ ਹੈ ਤਾਂ ਜੋ ਪੀੜਤਾਂ ਨੂੰ ਮੁਆਵਜ਼ਾ ਮਿਲ ਸਕੇ। ਇਸ ਮੌਕੇ ਤਹਿਸੀਲ ਨਾਲਾਗੜ੍ਹ ਦੇ ਕਾਨੂੰਗੋ ਫ਼ਰੀਦ ਮੁਹੰਮਦ ਵੀ ਹਾਜ਼ਰ ਸਨ।