ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 24 ਅਪਰੈਲ
ਇੱਥੋਂ ਦੀ ਕਿਸਾਨ ਹਵੇਲੀ ਨੇੜੇ ਅਚਾਨਕ ਲੱਗੀ ਅੱਗ ਕਾਰਨ ਜਿੱਥੇ ਪਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਸੜ ਗਈਆਂ, ਉੱਥੇ ਇੱਕ ਝੁੱਗੀ ਵਿੱਚ ਸੱਤ ਮਹੀਨੇ ਦੀ ਬੱਚੀ ਅੱਗ ਨਾਲ ਝੁਲਸ ਗਈ ਜਿਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁਹੱਲਾ ਟਿੱਬੀਆਂ ਦੀਆਂ ਪਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਦਿਹਾੜੀ ਕਰਨ ਲਈ ਗਏ ਹੋਏ ਸਨ, ਅਤੇ ਉਨ੍ਹਾਂ ਦੇ ਬੱਚੇ ਝੁੱਗੀਆਂ ਦੇ ਆਲੇ ਦੁਆਲੇ ਖੇਡ ਰਹੇ ਸਨ ਕਿ ਬਾਅਦ ਵਿੱਚ ਅਚਾਨਕ ਝੁੱਗੀਆਂ ਨੂੰ ਅੱਗ ਲੱਗ ਗਈ। ਮੁਹੱਲਾ ਵਾਸੀਆਂ ਨੇ ਤੁਰੰਤ ਅੱਗ ਬੁਝਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਨ੍ਹਾਂ ਝੁੱਗੀਆਂ ਵਿੱਚ ਕਮਰੂ ਦੀਨ ਦੀ ਸੱਤ ਮਹੀਨੇ ਦੀ ਬੱਚੀ ਵੀ ਲਪੇਟ ਵਿੱਚ ਆ ਗਈ ਜਿਸਨੂੰ ਅੱਗ ਵਿੱਚੋਂ ਬਾਹਰ ਕੱਢਣ ਵਾਲਾ ਨੌਜਵਾਨ ਵੀ ਅੱਗ ਨਾਲ ਜ਼ਖਮੀ ਹੋ ਗਿਆ।
ਇਸ ਮੌਕੇ ਹਾਜ਼ਰ ਸੁਜਾਨਪੁਰ ਦੇ ਰਹਿਣ ਵਾਲਾ ਕਮਰੂ ਦੀਨ ਨੇ ਦੱਸਿਆ ਕਿ ਉਹ ਦਿਹਾੜੀਦਾਰ ਹਨ ਤੇ ਬਹੁਤ ਗਰੀਬ ਹਨ ਤੇ ਤਿੰਨ ਝੁੱਗੀਆਂ ਵਿੱਚ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮੁੜ ਬਸੇਰੇ ਅਤੇ ਧੀ ਦੇ ਇਲਾਜ ਲਈ ਹਰ ਸੰਭਵ ਮਦਦ ਕਰੇ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਸਿਮਰਨਜੀਤ ਸਿੰਘ ਅਤੇ ਚੌਕੀ ਇੰਚਾਰਜ ਸਵਾਤੀ ਧੀਮਾਨ ਵੀ ਮੌਕੇ ’ਤੇ ਪਹੁੰਚੇ ਤੇ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਮੁਹੱਲਾ ਵਾਸੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ ਗਿਆ। ਦੱਸਣਾ ਬਣਦਾ ਹੈ ਕਿ ਅੱਗ ਬੁਝਾਊ ਗੱਡੀ ਤਕਰੀਬਨ ਡੇਢ ਘੰਟੇ ਬਾਅਦ ਘਟਨਾ ਸਥਾਨ ’ਤੇ ਪਹੁੰਚੀ।