ਪੱਤਰ ਪ੍ਰੇਰਕ
ਸਮਰਾਲਾ, 1 ਨਵੰਬਰ
ਪਿੰਡ ਟੋਡਰਪੁਰ ਵਿੱਚ ਪਰਵਾਸੀ ਮਜ਼ਦੂਰਾਂ ਦੀ ਝੌਂਪੜ ਬਸਤੀ ਨੂੰ ਅਚਾਨਕ ਭਿਆਨਕ ਅੱਗ ਲਗ ਗਈ ਜਿਸ ਕਾਰਨ ਪਲਾਂ ਵਿੱਚ ਹੀ ਕਈ ਗਰੀਬਾਂ ਦੇ ਆਸ਼ਿਆਨੇ ਰਾਖ ਹੋ ਗਏ। ਇਹ ਅੱਗ ਇੰਨੀ ਭਿਆਨਕ ਸੀ ਕਿ ਝੌਂਪੜੀਆਂ ਅੰਦਰ ਪਿਆ ਘਰੇਲੂ ਸਾਮਾਨ, ਅਨਾਜ ਅਤੇ ਨਕਦੀ ਸਭ ਕੁਝ ਪਲਾਂ ਵਿੱਚ ਹੀ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਪਰਿਵਾਰ ਬੇਘਰ ਹੋ ਗਏ ਹਨ। ਉਨ੍ਹਾਂ ਦੇ ਆਰਜ਼ੀ ਰਹਿਣ ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਪੰਚਾਇਤ ਨੂੰ ਸੌਂਪੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਬਹੁਤੇ ਮਜ਼ਦੂਰ ਤੇ ਔਰਤਾਂ ਨੇੜਲੀਆਂ ਫੈਕਟਰੀਆਂ ਵਿੱਚ ਕੰਮ ’ਤੇ ਗਏ ਹੋਏ ਸਨ। ਜ਼ਿਆਦਾਤਰ ਝੌਪੜੀਆਂ ਵਿੱਚ ਹਾਦਸੇ ਸਮੇਂ ਇਕੱਲੇ ਬੱਚੇ ਹੀ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ।