- ਅਮਨ ਅਮਾਨ ਨਾਲ ਸਿਰੇ ਚੜ੍ਹਿਆ ਚੋਣ ਅਮਲ
- ਸ਼ਹਿਰਾਂ ਦੇ ਮੁਕਾਬਲੇ ਪਿੰਡ ਵਾਸੀਆਂ ਨੇ ਪਾਈਆਂ ਉਤਸ਼ਾਹ ਨਾਲ ਵੋਟਾਂ
- ਕੁਝ ਥਾਵਾਂ ’ਤੇ ਈਵੀਐੱਮਜ਼ ’ਚ ਨੁਕਸ ਪੈਣ ਦੀਆਂ ਰਿਪੋਰਟਾਂ
- ਦਿੱਗਜਾਂ ਦਾ ਸਿਆਸੀ ਭਵਿੱਖ ਈਵੀਐੱਮਜ਼ ’ਚ ਬੰਦ
ਦਵਿੰਦਰ ਪਾਲ/ਏਜੰਸੀ
ਚੰਡੀਗੜ੍ਹ, 20 ਫਰਵਰੀ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਿੰਗ ਦਾ ਅਮਲ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਹਾਲਾਂਕਿ ਇੱਕਾ-ਦੁੱਕਾ ਥਾਵਾਂ ’ਤੇ ਹਿੰਸਕ ਘਟਨਾਵਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ’ਚ ਨੁਕਸ ਪੈਣ ਦੀਆਂ ਵੀ ਰਿਪੋਰਟਾਂ ਹਨ। ਚੋਣ ਕਮਿਸ਼ਨ ਦੇ ਟਰਨਆਊਟ ਐਪ ਮੁਤਾਬਕ ਰਾਤ ਪੌਣੇ ਬਾਰਾਂ ਵਜੇ ਤੱਕ 68.39 ਫੀਸਦ ਵੋਟਾਂ ਪੈਣ ਦਾ ਦਾਅਵਾ ਕੀਤਾ ਗਿਆ ਹੈ। ਪੰਜ ਸਾਲ ਪਹਿਲਾਂ 77.40 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਸੀ। ਸਵੇਰੇ ਅੱਠ ਵਜੇ ਸ਼ੁਰੂ ਹੋਇਆ ਵੋਟਾਂ ਪੈਣ ਦਾ ਅਮਲ ਸ਼ਾਮ 6 ਵਜੇ ਖ਼ਤਮ ਹੋਇਆ, ਪਰ ਇਸ ਦੌਰਾਨ ਚੋਣ ਬੂਥ ਦੇ ਗੇਟ ਅੰਦਰ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਸੂਬੇ ਦੇ ਦਿਹਾਤੀ ਖੇਤਰਾਂ ਦੇ ਵੋਟਰਾਂ ਨੇ ਪੁਰਾਣੀ ਰਵਾਇਤ ਕਾਇਮ ਰਖਦਿਆਂ ਖੁੱਲ੍ਹ ਕੇ ਵੋਟਾਂ ਪਾਈਆ ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਵੋਟਾਂ ਦੇ ਭੁਗਤਾਨ ਦਾ ਅਮਲ ਪਿੰਡਾਂ ਦੇ ਮੁਕਾਬਲੇ ਘੱਟ ਰਿਹਾ। ਵੋਟਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਕੁੱਲ 700 ਕੰਪਨੀਆਂ ਤੋਂ ਇਲਾਵਾ ਸੂਬਾਈ ਪੁਲੀਸ ਦਾ ਅਮਲਾ ਵੀ ਤਾਇਨਾਤ ਰਿਹਾ। 117 ਅਸੈਂਬਲੀ ਸੀਟਾਂ ਲਈ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ 93 ਔਰਤਾਂ ਤੇ 2 ਟਰਾਂਸਜੈਂਡਰ ਹਨ। ਵੋਟਾਂ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸਿਮਰਨਜੀਤ ਸਿੰਘ ਮਾਨ ਆਦਿ ਦੇ ਸਿਆਸੀ ਭਵਿੱਖ ਦਾ ਫੈਸਲਾ ਈਵੀਐੱਮਜ਼ ’ਚ ਬੰਦ ਹੋ ਗਿਆ। ਚੋਣ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਰਨਾਂ ਚਾਰ ਰਾਜਾਂ ਨਾਲ ਹੋਵੇਗਾ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ ਸ਼ਾਮ ਛੇ ਵਜੇ ਤੱਕ ਔਸਤਨ 63.44 ਫੀਸਦ ਪੋਲਿੰਗ ਦਰਜ ਕੀਤੀ ਗਈ। ਚਰਚਿਤ ਹਲਕਿਆਂ ਵਿੱਚ ਪਟਿਆਲਾ (ਸ਼ਹਿਰੀ) 59.5 ਫੀਸਦ, ਗਿੱਦੜਬਾਹਾ 77.8, ਧੂਰੀ 68 ਫੀਸਦ, ਚਮਕੌਰ ਸਾਹਿਬ 68 ਫੀਸਦ ਤੇ ਭਦੌੜ 71.3 ਫੀਸਦ, ਲੰਬੀ 72.4 ਫੀਸਦ, ਜਲਾਲਾਬਾਦ 71.5, ਅੰਮ੍ਰਿਤਸਰ ਪੂਰਬੀ 53 ਫੀਸਦ ਤੇ ਅਮਰਗੜ੍ਹ ’ਚ 72.88 ਫੀਸਦ ਵੋਟਾਂ ਪਈਆਂ ਹਨ। ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਇਕ ਚੋਣ ਬੂਥ ਦੀ ਫੇਰੀ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਕੁਝ ਸਕਿੰਟਾਂ ਲਈ ਇਕ ਦੂਜੇ ਦੇ ਮੱਥੇ ਲੱਗੇ। ਦੋਵਾਂ ਨੇ ਇਕ ਦੂਜੇ ਨਾਲ ਦੁਆ ਸਲਾਮ ਕੀਤੀ ਤੇ ਅੱਗੇ ਵਧ ਗਏ। ਦੋਵੇਂ ਆਗੂ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਇਕ ਦੂਜੇ ਖਿਲਾਫ਼ ਖੜ੍ਹੇ ਹਨ। ਮਜੀਠੀਆ ਐਤਕੀਂ ਆਪਣਾ ਮਜੀਠਾ ਹਲਕਾ ਛੱਡ ਕੇ ਸਿੱਧੂ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ ਹਨ। ਮਜੀਠਾ ਤੋਂ ਉਨ੍ਹਾਂ ਦੀ ਪਤਨੀ ਗਨੀਵ ਮਜੀਠੀਆ ਉਮੀਦਵਾਰ ਹੈ।
ਉਧਰ ਚੋਣ ਕਮਿਸ਼ਨ ਨੇ ਬੌਲੀਵੁੱਡ ਅਦਾਕਾਰ ਤੇ ਸਮਾਜ ਸੇਵੀ ਸੋਨੂ ਸੂਦ ਨੂੰ ਮੋਗਾ ਦੇ ਪੋਲਿੰਗ ਬੂਥਾਂ ’ਤੇ ਜਾਣ ਤੋਂ ਡੱਕਿਆ। ਅਦਾਕਾਰ ਦੀ ਭੈਣ ਮਾਲਵਿਕਾ ਸੂਦ ਸੱਚਰ ਇਥੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਸੋਨੂ ਸੂਦ ਖਿਲਾਫ਼ ਵੋਟਰਾਂ ਨੂੰ ਅਸਰਅੰਦਾਜ਼ ਕੀਤੇ ਜਾਣ ਸਬੰਧੀ ਸ਼ਿਕਾਇਤ ਮਿਲੀ ਸੀ। ਮੋਗਾ ਪੁਲੀਸ ਨੇ ਅਦਾਕਾਰ ਦੇ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ। ਸੂਦ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਵੋਟਾਂ ਪੈਣ ਦਾ ਅਮਲ ਸ਼ੁਰੂ ਹੋਣ ਸਮੇਂ ਵੋਟਾਂ ਦੇ ਭੁਗਤਾਨ ਦਾ ਕੰਮ ਮੱਠਾ ਰਿਹਾ ਪਰ ਦੁਪਹਿਰ ਤੱਕ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸੂਬੇ ਦੇ ਪ੍ਰਮੁੱਖ ਸਿਆਸੀ ਆਗੂਆਂ ਨੇ ਆਪਣੀ ਜੱਦੀ ਰਿਹਾਇਸ਼ ਦੇ ਨਜ਼ਦੀਕ ਪੈਂਦੇ ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਭੁਗਤਾਨ ਕੀਤਾ। ਲੰਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (94), ਜੋ ਐਤਕੀਂ ਚੋਣ ਮੈਦਾਨ ਵਿੱਚ ਸਭ ਤੋਂ ਬਜ਼ੁਰਗ ਉਮੀਦਵਾਰ ਹਨ, ਨੇ ਆਪਣੇ ਪੁੱਤਰ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੋਤਰੀ ਨਾਲ ਵੋਟ ਪਾਈ। ਸੁਖਬੀਰ ਬਾਦਲ ਖੁ਼ਦ ਗੱਡੀ ਚਲਾ ਕੇ ਪਰਿਵਾਰ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਏ। ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾਉਣ ਮਗਰੋਂ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਸਾਡੀ ਜਮਹੂਰੀਅਤ ਬਹੁਤ ਮਜ਼ਬੂਤ ਹੈ। ਮੈਂ ਆਪਣੇ ਆਖਰੀ ਸਾਹਾਂ ਤੱਕ ਲੋਕਾਂ ਦੀ ਸੇਵਾ ਕਰਦਾ ਰਹਾਂਗਾ।’’ ਉਧਰ ਹਰਸਿਮਰਤ ਕੌਰ ਨੇ ਕਿਹਾ ਕਿ ਅਕਾਲੀ ਦਲ ਹੰਢੀ ਵਰਤੀ ਖੇਤਰੀ ਪਾਰਟੀ ਹੈ, ਜੋ ਲੋਕਾਂ ਦੀਆਂ ਇੱਛਾਵਾਂ ਨੂੰ ਸਮਝਦੀ ਹੈ।
ਚੰਨੀ ਸਰਕਾਰ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਬਾਦਲ ਪਿੰਡ ਵਿਚ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ।
ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਮੁਕਤਸਰ ਸਾਹਿਬ ਵਿਚਲੇ ਆਪਣੇ ਜੱਦੀ ਪਿੰਡ ਵਿੱਚ ਵੋਟ ਪਾਈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਤੇ ਧੂਰੀ ਤੋਂ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਮੁਹਾਲੀ ਦੇ 3ਬੀ2 ਵਿਚਲੇ ਚੋਣ ਬੂਥ ’ਤੇ ਵੋਟ ਪਾਈ। ਵੋਟ ਪਾਉਣ ਵਾਲੇ ਹੋਰਨਾਂ ਸਿਆਸੀ ਦਿੱਗਜਾਂ ਵਿੱਚ ਪਰਗਟ ਸਿੰਘ, ਵਿਜੈ ਇੰਦਰ ਸਿੰਗਲਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਾਮਲ ਹਨ। ਇਸ ਦੌਰਾਨ ‘ਆਪ’ ਆਗੂ ਰਾਘਵ ਚੱਢਾ ਨੇ ਉਪਰੋਥੱਲੀ ਟਵੀਟ ਕਰਕੇ ਗੁਰੂਹਰਸਹਾਏ ਦੇ ਪੋਲਿੰਗ ਬੂਥ ’ਤੇ ਇਕ ਸਰਪੰਚ ਵੱਲੋਂ ਵੋਟਰਾਂ ਨੂੰ ਕਥਿਤ ਅਸਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਨੌਰ, ਅਟਾਰੀ ਤੇ ਮਜੀਠਾ ਵਿੱਚ ਕੁਝ ਈਵੀਐੱਮਜ਼ ਖ਼ਰਾਬ ਹੋਣ ਦਾ ਦਾਅਵਾ ਵੀ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਿੱਤਰੀ ਹਲਕੇ ਚਮਕੌਰ ਸਾਹਿਬ ਵਿਚਲੇ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਿਆ। ਚੰਨੀ ਨੇ ਦਾਅਵਾ ਕੀਤਾ ਕਿ ਕਾਂਗਰਸ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਨਾਲ ਜਿੱਤੇਗੀ। ਚੰਨੀ ਐਤਕੀਂ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਹਲਕੇ ਤੋਂ ਵੀ ਚੋਣ ਮੈਦਾਨ ਵਿਚ ਹਨ।
ਸਾਬਕਾ ਮੁੱਖ ਮੰਤਰੀ ਤੇ ਪਟਿਆਲਾ (ਸ਼ਹਿਰੀ) ਤੋਂ ਭਾਜਪਾ ਤੇ ਗੱਠਜੋੜ ਪਾਰਟੀਆਂ ਦੇ ਉਮੀਦਵਾਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿੰਨੀ ਵੀ ਵੱਡੀ ਚੁਣੌਤੀ ਦਰਪੇਸ਼ ਹੋਵੇ, ਉਹ ਹਰ ਹਾਲ ਜਿੱਤਣਗੇ। ਅਮਰਿੰਦਰ ਦੀ ਪਤਨੀ ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਕੈਪਟਨ ਸਾਹਿਬ (ਅਮਰਿੰਦਰ) ਦੀ ਹਮਾਇਤ ਕੀਤੀ ਹੈ ਤੇ ਇਹੀ ਉਨ੍ਹਾਂ ਦਾ ਪਰਿਵਾਰ ਹੈ ਤੇ ਪਰਿਵਾਰ ਸਭ ਤੋਂ ਉੱਪਰ ਹੈ। ਵੋਟਿੰਗ ਦੌਰਾਨ ਅੱਜ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ’ਚ ਕਾਫ਼ੀ ਉਤਸ਼ਾਹ ਨਜ਼ਰ ਆਇਆ। ਇਨ੍ਹਾਂ ਵੋਟਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ। ਪੰਜਾਬ ਅਸੈਂਬਲੀ ਦੀਆਂ 117 ਸੀਟਾਂ ਲਈ ਐਤਕੀਂ 2,14,99,804 ਯੋਗ ਵੋਟਰ ਸਨ, ਤੇ ਇਨ੍ਹਾਂ ਵਿੱਚ 1,02,00,996 ਮਹਿਲਾ ਵੋਟਰ ਸਨ। ਚੋਣ ਕਮਿਸ਼ਨ ਨੇ ਪੋਲਿੰਗ ਲਈ 24,740 ਪੋਲਿੰਗ ਸਟੇਸ਼ਨਾਂ ਦਾ ਵਿਵਸਥਾ ਕੀਤੀ ਸੀ ਤੇ ਇਨ੍ਹਾਂ ਵਿੱਚੋਂ 2013 ਦੀ ਨਾਜ਼ੁਕ ਤੇ 2952 ਦੀ ਅਤਿ-ਨਾਜ਼ੁਕ ਵਜੋਂ ਸ਼ਨਾਖ਼ਤ ਕੀਤੀ ਗਈ ਸੀ। ਪੰਜਾਬ ਵਿੱਚ ਐਤਕੀਂ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ-ਬਸਪਾ, ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸਿਆਸੀ ਫਰੰਟ ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਵਿਚਾਲ ਬਹੁਕੋਣੀ ਮੁਕਾਬਲਾ ਸੀ।
ਵੋਟ ਫੀਸਦ ’ਚ ਮਾਨਸਾ ਜ਼ਿਲ੍ਹਾ ਅੱਵਲ ਤੇ ਤਰਨਤਾਰਨ ਫਾਡੀ
ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 77.21 ਫੀਸਦ ਵੋਟਿੰਗ ਹੋਈ ਜਦੋਂਕਿ 72.84 ਫੀਸਦ ਨਾਲ ਮਾਲੇਰਕੋਟਲਾ ਦੂਜੀ ਥਾਂ ’ਤੇ ਰਿਹਾ। ਫਾਜ਼ਿਲਕਾ ਵਿੱਚ 73.59 ਫੀਸਦ, ਸੰਗਰੂਰ 73.82, ਮੁਕਤਸਰ ਵਿੱਚ 75.94 ਤੇ ਅੰਮ੍ਰਿਤਸਰ ਵਿੱਚ 61.95 ਪੋਲਿੰਗ ਰਿਕਾਰਡ ਕੀਤੀ ਗਈ। ਤਰਨਤਾਰਨਵਿੱਚ ਸਭ ਤੋਂ ਘੱਟ 60.47 ਫੀਸਦ ਵੋਟਾਂ ਪਈਆਂ। ਅਸੈਂਬਲੀ ਹਲਕਿਆਂ ਦੀ ਗੱਲ ਕਰੀਏ ਗਿੱਦੜਬਾਹਾ 77.80 ਫੀਸਦ ਪੋਲਿੰਗ ਨਾਲ ਅੱਵਲ ਨੰਬਰ ਤੇ ਅੰਮ੍ਰਿਤਸਰ (ਦੱਖਣੀ) 48.06 ਫੀਸਦ ਪੋਲਿੰਗ ਨਾਲ ਹੇਠਲੇ ਸਥਾਨ ’ਤੇ ਰਿਹਾ। ਖਿੱਤੇ ਬਾਰੇ ਗੱਲ ਕਰੀਏ ਤਾਂ ਮਾਲਵਾ ਖੇਤਰ, ਜਿੱਥੇ ਕੁੱਲ 69 ਅਸੈਂਬਲੀ ਹਲਕੇ ਪੈਂਦੇ ਹਨ, ਵਿੱਚ 65 ਫੀਸਦ ਪੋਲਿੰਗ ਦਰਜ ਕੀਤੀ ਗਈ। ਮਾਝਾ ਖੇਤਰ ’ਚੋਂ ਗੁਰਦਾਸਪੁਰ ’ਚ 69.25 ਫੀਸਦ, ਪਠਾਨਕੋਟ 67.72, ਤਰਨ ਤਾਰਨ 60.47 ਤੇ ਅੰਮ੍ਰਿਤਸਰ ਵਿੱਚ 61.95 ਫੀਸਦ ਵੋਟਾਂ ਪਈਆਂ। ਦੋਆਬੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿੱਚ 70.74 ਫੀਸਦ, ਹੁਸ਼ਿਆਰਪੁਰ 64.79, ਜਲੰਧਰ 64.29 ਤੇ ਕਪੂਰਥਲਾ 67.87 ਫੀਸਦ ਪੋਲਿੰਗ ਹੋਈ।
ਪਿਛਲੀਆਂ ਚੋਣਾਂ ਦੇ ਮੁਕਾਬਲੇ ਮੱਠਾ ਰਿਹਾ ਵੋਟਰਾਂ ਦਾ ਰੁਝਾਨ
ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਵੋਟਾਂ ਦੇ ਭੁਗਤਾਨ ਦਾ ਅਮਲ ਦੇਖਿਆ ਜਾਵੇ ਤਾਂ ਐਤਕੀਂ ਵੋਟਰਾਂ ਦਾ ਰੁਝਾਨ ਪਿਛਲੀਆਂ ਤਿੰਨ ਚੋਣਾਂ ਦੇ ਮੁਕਾਬਲੇ ਮੱਠਾ ਰਿਹਾ। ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ 2002 ਵਿੱਚ 65 ਫੀਸਦੀ, 2007 ’ਚ 75.49, 2012 ’ਚ 78.30 ਅਤੇ 2017 ਵਿੱਚ 77.40 ਫੀਸਦੀ ਵੋਟਾਂ ਪਈਆਂ ਸਨ। ਨਿਰੋਲ ਸ਼ਹਿਰੀ ਖੇਤਰਾਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਤਾਂ ਐਤਕੀਂ ਵੋਟ ਪ੍ਰਤੀਸ਼ਤ 60 ਫੀਸਦੀ ਦੇ ਨੇੜੇ ਤੇੜੇ ਰਹੀ ਜਦੋਂ ਕਿ ਦਿਹਾਤੀ ਖੇਤਰ ਵਿੱਚ ਕਈ ਥਾਈਂ 80 ਫੀਸਦੀ ਦੇ ਨੇੜੇ ਢੁੱਕ ਗਈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਵੋਟਰ ਵੋਟ ਪਾਉਣ ਲਈ ਵਧੇਰੇ ਉਤਸ਼ਾਹ ’ਚ ਨਜ਼ਰ ਆਏ।
ਮੁੱਖ ਚੋਣ ਅਧਿਕਾਰੀ ਵੱਲੋਂ ਚੋਣ ਅਮਲੇ ਤੇ ਨੀਮ ਫੌਜੀ ਬਲਾਂ ਦਾ ਧੰਨਵਾਦ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ.ਕਰੁਣਾ ਰਾਜੂ ਨੇ ਪੂਰੀ ਚੋਣ ਮਸ਼ਕ ਨੂੰ ਅਮਨ-ਅਮਾਨ ਨਾਲ ਸਿਰੇ ਚੜ੍ਹਾਉਣ ਵਿੱਚ ਯੋਗਦਾਨ ਪਾਉਣ ਵਾਲੇ ਚੋਣ ਅਮਲੇ, ਅਧਿਕਾਰੀਆਂ ਤੇ ਨੀਮ ਫੌਜੀ ਬਲਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਚੋਣਾਂ ਦੌਰਾਨ 72 ਬੈਲੇਟ ਯੂਨਿਟਾਂ, 64 ਕੰਟਰੋਲ ਯੂਨਿਟਾਂ ਤੇ 649 ਵੀਵੀਪੈਟਸ ਨੂੰ ਤਕਨੀਕੀ ਨੁਕਸ ਪੈਣ ਮਗਰੋਂ ਤਬਦੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ 80 ਸਾਲ ਤੋਂ ਵੱਧ ਬਜ਼ੁਰਗਾਂ ਤੇ ਦਿਵਿਆਂਗਾਂ ਨੂੰ ਲਿਆਉਣ ਤੇ ਛੱਡਣ ਦੀ ਸਹੂਲਤ ਦਿੱਤੀ ਗਈ। ਪੋਲਿੰਗ ਸਟੇਸ਼ਨਾਂ ’ਤੇ ਬਜ਼ੁਰਗਾਂ ਲਈ ਵ੍ਹੀਲਚੇਅਰਾਂ ਦਾ ਪ੍ਰਬੰਧ ਕੀਤਾ ਗਿਆ। ਮਹਿਲਾਵਾਂ ਲਈ 196 ਪਿੰਕ ਪੋਲਿੰਗ ਸਟੇਸ਼ਨ ਸਨ ਜਦੋਂਕਿ 70 ਪੋਲਿੰਗ ਸਟੇਸ਼ਨ ਦਾ ਪ੍ਰਬੰਧ ਦਿਵਿਆਂਗਾਂ ਹੱਥ ਸੀ। ਚੋਣ ਅਧਿਕਾਰੀ ਨੇ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਨਿਰਧਾਰਿਤ ਸਟਰਾਂਗਰੂਮਾਂ ਵਿੱਚ ਰੱਖਿਆ ਜਾਵੇਗਾ, ਜਿਸ ਦੀ 24 ਘੰਟੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ।
ਚੋਣਾਂ ’ਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਅੱਜ ਛੁੱਟੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਲਈ ਅੱਜ ਪਈਆਂ ਵੋਟਾਂ ਦੌਰਾਨ ਡਿਊਟੀ ਨਿਭਾਉਣ ਵਾਲੇ ਚੋਣ ਅਮਲੇ ਨੂੰ ਭਲਕੇ 21 ਫਰਵਰੀ ਦੀ ਛੁੱਟੀ ਦਿੱਤੀ ਗਈ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਦੀ ਸਿਫ਼ਾਰਿਸ਼ ਨੂੰ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਨੇ ਕਿਹਾ ਹੈ 20 ਫਰਵਰੀ ਨੂੰ ਲੰਮਾ ਸਮਾਂ ਡਿਊਟੀ ’ਤੇ ਤਾਇਨਾਤ ਰਹਿਣ ਵਾਲੇ ਅਮਲੇ ਨੂੰ ਸੋਮਵਾਰ ਸਰਕਾਰੀ ਦਫ਼ਤਰਾਂ ’ਚ ਆਉਣ ਤੋਂ ਛੋਟ ਦਿੱਤੀ ਗਈ ਹੈ।
ਫ਼ਿਰੋਜ਼ਪੁਰਵਿੱਚ ਕਈ ਥਾਈਂ ਹਿੰਸਾ, ਰਾਣਾ ਸੋਢੀ ਦੇ ਸਮਰਥਕਾਂ ’ਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼
ਸੰਜੀਵ ਹਾਂਡਾ
ਫ਼ਿਰੋਜ਼ਪੁਰ, 20 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਅੰਦਰ ਅੱਜ ਕਈ ਥਾਈਂ ਝੜਪਾਂ ਹੋਈਆਂ। ਜ਼ਿਆਦਾਤਰ ਥਾਵਾਂ ’ਤੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਮਰਥਕਾਂ ਵੱਲੋਂ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ ਲੱਗੇ ਹਨ। ਚੋਣਾਂ ਦੌਰਾਨ ਸਰਹੱਦੀ ਪਿੰਡ ਜੱਲੋ ਕੇ ਵਿਚ ‘ਆਪ’ ਵਰਕਰ ਸੁਰਜੀਤ ਸਿੰਘ ਨਾਲ ਰਾਣਾ ਸੋਢੀ ਦੇ ਸਮਰਥਕਾਂ ਵੱਲੋਂ ਕੁੱਟਮਾਰ ਕੀਤੀ ਗਈ। ਸੁਰਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸੁਰਜੀਤ ਸਿੰਘ ਨੇ ਕਿਹਾ ਕਿ ਰਾਣਾ ਸੋਢੀ ਦਾ ਇੱਕ ਸਮਰਥਕ ਵੋਟਰਾਂ ਨੂੰ ਰਿਝਾਉਣ ਲਈ ਰੁਪਏ ਵੰਡ ਰਿਹਾ ਸੀ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਰਾਣਾ ਸੋਢੀ ਨੂੰ ਬੁਲਾ ਲਿਆ ਤੇ ਇਸ ਦੌਰਾਨ ਉਸ ਦੀ ਕੁੱਟਮਾਰ ਕੀਤੀ ਗਈ। ਘਟਨਾ ਮਗਰੋਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਰਾਣਾ ਸੋਢੀ ਨੂੰ ਘੇਰ ਲਿਆ ਜਿਸ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਸਥਿਤੀ ਤਣਾਅਪੂਰਨ ਹੁੰਦੀ ਵੇਖ ਕੇ ਵੱਡੀ ਗਿਣਤੀ ’ਚ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਸੀ। ਕੁਝ ਘੰਟਿਆਂ ਮਗਰੋਂ ਹਾਲਾਤ ’ਤੇ ਕਾਬੂ ਪਾ ਲਿਆ ਗਿਆ।
ਉਧਰ ਕਸਬਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਮੱਲੂ ਵਾਲਾ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵਿਚਕਾਰ ਤਿੱਖੀ ਝੜਪ ਹੋਈ। ਇਥੇ ਦੋਵੇਂ ਪਾਰਟੀਆਂ ਦੇ ਵਰਕਰਾਂ ਨੇ ਇੱਕ-ਦੂਜੇ ’ਤੇ ਪਥਰਾਅ ਕੀਤਾ ਅਤੇ ਮਗਰੋਂ ਗੋਲੀ ਵੀ ਚੱਲੀ। ਅਕਾਲੀ ਦਲ ਦੇ ਆਗੂਆਂ ਨੇ ਕਾਂਗਰਸੀ ਵਰਕਰਾਂ ’ਤੇ ਗੋਲੀ ਚਲਾਉਣ ਅਤੇ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ ਹੈ ਅਤੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਹੈ। ਆਰਿਫ਼ ਕੇ ਪਿੰਡ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇੱਕ ਘਰ ਵਿਚ ਵੜ ਕੇ ਭਾਜਪਾ ਵਰਕਰਾਂ ਨਾਲ ਕੁੱਟਮਾਰ ਕੀਤੀ। ਘਟਨਾ ਵੇਲੇ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਇੱਕ ਸਮਰਥਕ ਸੁਖਵਿੰਦਰ ਸਿੰਘ ਦੇ ਘਰ ਖਾਣਾ ਖਾਣ ਵਾਸਤੇ ਆਏ ਹੋਏ ਸਨ। ਦੋਸ਼ ਹੈ ਕਿ ਕਾਂਗਰਸੀ ਵਰਕਰਾਂ ਨੇ ਇਥੇ ਕਈ ਗੱਡੀਆਂ ਦੀ ਭੰਨ-ਤੋੜ ਵੀ ਕੀਤੀ। ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਆਰਿਫ਼ ਕੇ ਵਿਚ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ ਅਤੇ ਉਸ ਦੇ ਤਿੰਨ ਸਾਥੀਆਂ ਸਮੇਤ 150 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਚੋਣ ਜ਼ਾਬਤੇ ਦੀ ਉਲੰਘਣਾ ਲਈ ਪੁਲੀਸ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਦੋਵੇਂ ਪੁੱਤਰਾਂ ਰਘੁਮੀਤ ਸਿੰਘ ਸੋਢੀ ਅਤੇ ਅਨੁਮੀਤ ਸਿੰਘ ਸੋਢੀ ਤੇ ਅਦਾਕਾਰਾ ਮਾਹੀ ਗਿੱਲ ਖ਼ਿਲਾਫ਼ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।
ਇਸ ਤੋਂ ਪਹਿਲਾਂ ਬੀਤੀ ਰਾਤ ਥਾਣਾ ਸਿਟੀ ਵਿਚ ਰਾਣਾ ਸੋਢੀ ਦੇ ਸਮਰਥਕਾਂ ਨੇ ਪੱਤਰਕਾਰ ਗੌਰਵ ਮਾਣਕ ਨਾਲ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਸੀ। ਪੱਤਰਕਾਰ ਦੀ ਸ਼ਿਕਾਇਤ ’ਤੇ ਰਾਣਾ ਸੋਢੀ ਦੇ 20 ਅਣਪਛਾਤੇ ਸਮਰਥਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਫ਼ਿਰੋਜ਼ਪੁਰ ਪ੍ਰੈੱਸ ਕਲੱਬ ਦੇ ਆਗੂਆਂ ਵੱਲੋਂ ਰਾਣਾ ਸੋਢੀ ਨੂੰ ਵੀ ਇਸ ਮੁਕੱਦਮੇ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਬੀਤੀ ਰਾਤ ਹੀ ਬਸਤੀ ਕੁਤਬਦੀਨ ਵਿਚ ਲੋਕਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਨਸੀਬ ਸਿੰਘ ਸੰਧੂ ਨੂੰ ਘੇਰ ਲਿਆ ਤੇ ਉਸ ਨਾਲ ਬਦਸਲੂਕੀ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਬਸਤੀ ਵਿਚ ਪੈਸੇ ਵੰਡਣ ਆਇਆ ਸੀ। ਪਿੰਡ ਦੇ ਲੋਕਾਂ ਨੇ ਮੌਕੇ ਤੇ ਪੁਲੀਸ ਨੂੰ ਸੱਦ ਲਿਆ ਤੇ ਨਸੀਬ ਸਿੰਘ ਤੇ ਉਸਦੇ ਸਾਥੀਆਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।
ਹਿੰਸਕ ਘਟਨਾਵਾਂ ਲਈ 33 ਐੱਫਆਈਆਰ ਦਰਜ
ਚੰਡੀਗੜ੍ਹ (ਟਨਸ): ਪੰਜਾਬ ਦੀ 16ਵੀਂ ਵਿਧਾਨ ਸਭਾ ਲਈ ਵੋਟਾਂ ਪੈਣ ਦੇ ਅਮਲ ਦੌਰਾਨ ਇੱਕਾ-ਦੁੱਕਾ ਹਿੰਸਕ ਘਟਨਾਵਾਂ ਵੀ ਵਾਪਰੀਆਂ। ਪੁਲੀਸ ਨੇ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਵੱਖ-ਵੱਖ ਜ਼ਿਲ੍ਹਿਆਂ ਵਿੱਚ 33 ਐੱਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਆਈਪੀਸੀ ਦੀ ਧਾਰਾ 343 ਤੇ 323 ਨਾਲ ਸਬੰਧਤ ਹਨ। ਫਿਰੋਜ਼ਪੁਰ ਤੇ ਬਠਿੰਡਾ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਦੋਂ ਕਿ ਪੁਲੀਸ ਇਨ੍ਹਾਂ ਘਟਨਾਵਾਂ ਦੀ ਪੁਸ਼ਟੀ ਨਹੀਂ ਕਰ ਰਹੀ। ਚੋਣ ਅਧਿਕਾਰੀਆਂ ਮੁਤਾਬਕ ਕਲਾਨੌਰ, ਅਬੋਹਰ, ਭਦੌੜ, ਸੁਲਤਾਨਪੁਰ ਲੋਧੀ, ਗੜ੍ਹਸ਼ੰਕਰ, ਤਰਨ ਤਾਰਨ, ਦਸੂਹਾ, ਰਾਏਕੋਟ ਅਤੇ ਮੁਕਤਸਰ ਵਿੱਚ ਕੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ ਹਨ ਤੇ ਸਰਹੰਦ ਵਿੱਚ ਜਾਅਲੀ ਵੋਟ ਭੁਗਤਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਮੀਦਵਾਰ ਹਨ ਤੇ ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਾਂਗਰਸੀ ਆਗੂਆਂ ’ਤੇ ਹਮਲੇ ਦੇ ਦੋਸ਼ ਲਾਏ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਚੋਣਾਂ ਦੌਰਾਨ ਕਿਸੇ ਵੱਡੀ ਹਿੰਸਾ ਤੋਂ .ਬਚਾਅ ਰਿਹਾ ਤੇ ਸਮੁੱਚਾ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਵੋਟਾਂ ਪੈਣ ਦਾ ਅਮਲ ਪੈਣ ਦੇ ਅੰਤ ਤੱਕ ਚੋਣਾਂ ਨਾਲ ਹਿੰਸਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।