ਪਰਮਜੀਤ ਸਿੰਘ
ਫ਼ਾਜ਼ਿਲਕਾ, 15 ਜੂਨ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੂੜੀਆਂ ਦਿਖਾਈਆਂ ਗਈਆਂ। ਕਿਸਾਨ ਜਥੇਬੰਦੀਆਂ ਦੀ ਅਗਵਾਈ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਰੀਸ਼ ਕੁਮਾਰ ਨੱਡਾ ਕਰ ਰਹੇ ਸਨ। ਇਸ ਦੌਰਾਨ ਭਾਰੀ ਮੁਸ਼ੱਕਤ ਮਗਰੋਂ ਪੁਲੀਸ ਨੇ ਆਪਣੀ ਗੱਡੀ ਵਿੱਚ ਸ੍ਰੀ ਜਿਆਣੀ ਨੂੰ ਮੌਕੇ ਤੋਂ ਕੱਢਿਆ। ਦਰਅਸਲ, ਸ੍ਰੀ ਜਿਆਣੀ ਵੱਲੋਂ ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਪ੍ਰੈੱਸ ਕਾਨਫ਼ਰੰਸ ਸੱਦੀ ਗਈ ਸੀ ਜਿਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ। ਇਸ ਤੋਂ ਬਾਅਦ ਕਿਸਾਨ ਉਨ੍ਹਾਂ ਦੇ ਨਿੱਜੀ ਦਫ਼ਤਰ ਦਾ ਘਿਰਾਓ ਕਰਨ ਲਈ ਪੁੱਜ ਗਏ। ਕਿਸਾਨਾਂ ਨੇ ਦਫ਼ਤਰ ਦਾ ਘਿਰਾਓ ਕਰਦਿਆਂ ਕੇਂਦਰ ਸਰਕਾਰ ਤੇ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਐੱਸਪੀ (ਡੀ) ਵੱਲੋਂ ਭਾਰੀ ਪੁਲੀਸ ਬਲ ਦੀ ਮਦਦ ਨਾਲ ਸ੍ਰੀ ਜਿਆਣੀ ਨੂੰ ਆਪਣੀ ਗੱਡੀ ਵਿੱਚ ਮੌਕੇ ਤੋਂ ਲਿਜਾਇਆ ਗਿਆ।
ਡਰਨ ਅਤੇ ਝੁਕਣ ਵਾਲਾ ਨਹੀਂ ਹਾਂ: ਜਿਆਣੀ
ਸ੍ਰੀ ਜਿਆਣੀ ਉਨ੍ਹਾਂ ’ਤੇ ਲੱਗੇ ਜ਼ਮੀਨ ਹੜੱਪਣ ਦੇ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਦੇਣ ਲਈ ਆਪਣੇ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਸ੍ਰੀ ਜਿਆਣੀ ਨੇ ਕਿਹਾ ਕਿ ਉਹ ਡਰਨ ਅਤੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਬਿਨਾਂ ਮਤਲਬ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਨਾ ਤਾਂ ਉਨ੍ਹਾਂ ਦੀ ਹੈ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੀ ਸਗੋਂ ਇਹ ਰਿਸ਼ਤੇਦਾਰੀ ਵਿੱਚ ਉਨ੍ਹਾਂ ਦੀ ਸਾਲੀ ਅਤੇ ਸਾਢੂ ਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਕਿਸਾਨ ਆਗੂ ਕਿਸਾਨ ਯੂਨੀਅਨਾਂ ਦੇ ਨਾਂ ’ਤੇ ਲੋਕਾਂ ਨੂੰ ਡਰਾ-ਧਮਕਾ ਰਹੇ ਹਨ।