ਪੱਤਰ ਪ੍ਰੇਰਕ
ਮੁਕੇਰੀਆਂ, 27 ਜੁਲਾਈ
ਖੰਡ ਮਿੱਲ ਮੁਕੇਰੀਆਂ ਵੱਲ ਗੰਨਾ ਕਾਸ਼ਤਕਾਰਾਂ ਦੇ ਖੜ੍ਹੇ 45 ਕਰੋੜ ਰੁਪਏ ਦੇ ਬਕਾਏ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਇਆ ਪੱਕਾ ਧਰਨਾ ਦੇਰ ਸ਼ਾਮ ਮਿੱਲ ਪ੍ਰਬੰਧਕਾਂ ਵੱਲੋਂ ਕੇਨ ਕਮਿਸ਼ਨ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੋ ਦਿਨਾਂ ਅੰਦਰ ਕਿਸਾਨਾਂ ਦੇ ਖਾਤਿਆਂ ’ਚ 5 ਕਰੋੜ ਅਤੇ 10 ਦਿਨਾਂ ਅੰਦਰ 18 ਕਰੋੜ ਸਮੇਤ ਰੋਜ਼ਾਨਾ ਇੱਕ ਕਰੋੜ ਰੁਪਏ ਪਾਉਣ ਦੇ ਦਿੱਤੇ ਭਰੋਸੇ ਮਗਰੋਂ ਚੁੱਕ ਲਿਆ ਗਿਆ। ਇਹ ਸਮਝੌਤਾ ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ, ਕੇਨ ਕਮਿਸ਼ਨ ਅਧਿਕਾਰੀ ਗੁਰਵਿੰਦਰ ਸਿੰਘ ਤੇ ਡੀਐੱਸਪੀ ਮੁਕੇਰੀਆਂ ਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਚੱਲੀ ਕਈ ਗੇੜ ਦੀ ਗੱਲਬਾਤ ਵਿੱਚ ਨੇਪਰੇ ਚੜ੍ਹਿਆ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਖੰਡ ਮਿੱਲ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਹੈ ਕਿ 2.50 ਕਰੋੜ ਰੁਪਏ ਅੱਜ ਤੇ ਏਨੀ ਹੀ ਰਕਮ ਭਲਕੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ।