ਬੀਰਬਲ ਰਿਸ਼ੀ
ਸ਼ੇਰਪੁਰ, 28 ਅਪਰੈਲ
ਵਜ਼ੀਦਪੁਰ ਬਧੇਸਾ ਸਣੇ ਚਾਰ ਫੀਡਰਾਂ ’ਤੇ ਪਿਛਲੇ ਹਫ਼ਤੇ ਤੋਂ ਖੇਤੀਬਾੜੀ ਮੋਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਹਰਜੀਤ ਸਿੰਘ ਬਧੇਸ਼ਾ ਦੀ ਅਗਵਾਈ ਹੇਠ ਸ਼ਾਮ ਸਮੇਂ ਗਰਿੱਡ ਬੰਦ ਕਰ ਕੇ ਗਰਿੱਡ ਦੇ ਅਮਲੇ ਨੂੰ ਬਾਹਰ ਕੱਢ ਦਿੱਤਾ। ਇਸ ਦੌਰਾਨ ਗਰਿੱਡ ਦੇ ਕਰੀਬ 25 ਫੀਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਇਲਾਕੇ ’ਚ ਕੁਝ ਸਮੇਂ ਲਈ ਬਲੈਕਆਊਟ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਭਾਵੇਂ ਧਰਨਾਕਾਰੀ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਰਾਤ 10 ਵਜੇ ਸਪਲਾਈ ਦੇਣ ਦੇ ਭਰੋਸੇ ਮਗਰੋਂ ਕੁਝ ਫੀਡਰਾਂ ਦੀ ਬਿਜਲੀ ਚਲਾਉਣ ਦੀ ਸਹਿਮਤੀ ਨਾਲ ਮਾਮਲਾ ਸੁਲਝਣ ਦੀ ਖ਼ਬਰ ਹੈ। ਉਂਜ ਬਿਜਲੀ ਸਪਲਾਈ ਬੰਦ ਹੋਣ ਤੋਂ ਕੁਝ ਪਿੰਡਾਂ ਦੇ ਲੋਕ ਧਰਨਾਕਾਰੀਆਂ ਦੀ ਕਾਰਵਾਈ ਦੇ ਵਿਰੋਧ ਵਿੱਚ ਵੀ ਆ ਜਾਣ ਦੀ ਵੀ ਖ਼ਬਰ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਦੇ ਬੁਲਾਰੇ ਹਰਜੀਤ ਸਿੰਘ ਬਧੇਸ਼ਾ ਨੇ ਦੱਸਿਆ ਕਿ 22 ਅਪਰੈਲ ਤੋਂ ਬਧੇਸ਼ਾ ਫੀਡਰ ਦੀਆਂ ਮੋਟਰਾਂ ਨੂੰ ਮਹਿਜ਼ 45 ਮਿੰਟ ਬਿਜਲੀ ਸਪਲਾਈ ਦਿੱਤੀ ਗਈ ਹੈ। ਦੋ ਦਿਨ ਪਹਿਲਾਂ ਗਰਿੱਡ ਦੇ ਅਮਲੇ ਨਾਲ ਬਿਜਲੀ ਸਪਲਾਈ ਦੋ ਟਰਮਾਂ ਵਿੱਚ ਦੇਣ ਦਾ ਸਮਝੌਤਾ ਹੋਇਆ, ਪਰ ਸਪਲਾਈ ’ਤੇ ਕੋਈ ਅਸਰ ਨਹੀਂ ਹੋਇਆ, ਅੱਜ ਮਜਬੂਰਬੀਵੱਸ ਉਨ੍ਹਾਂ ਨੂੰ ਗਰਿੱਡ ਦੇ ਸਾਰੇ ਫੀਡਰ ਬੰਦ ਕਰਨੇ ਪਏ। ਗਰਿੱਡ ਦੇ ਜੇਈ ਹਰਪਾਲ ਸਿੰਘ ਨੇ ਦੱਸਿਆ ਕਿ ਇਥੇ 21 ਏਪੀ, 2 ਯੂਪੀਐੱਸ ਤੇ ਦੋ ਕੈਟਾਗਿਰੀ-1 ਫੀਡਰ ਹਨ। ਮੌਕੇ ’ਤੇ ਮੌਜੂਦ ਐੱਸਡੀਓ ਮਨਪ੍ਰੀਤ ਸਿੰਘ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਐਕਸੀਅਨ ਧੂਰੀ ਮਨੋਜ ਕੁਮਾਰ ਨੇ ਕਿਹਾ ਕਿ ਉਹ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹਨ। ਐਕਸੀਅਨ ਗਰਿੱਡ ਬਰਨਾਲਾ ਧਰਮਵੀਰ ਸੱਭਰਵਾਲ ਨੇ ਕਿਹਾ ਕਿ ਵਜ਼ੀਦਪੁਰ ਬਧੇਸ਼ਾ ਦੇ ਫੀਡਰ ਨੂੰ ਰਾਤ 10 ਵਜੇ ਤੋਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਦੋ ਦਿਨਾਂ ’ਚ ਸਾਰਾ ਕੁਝ ਆਮ ਵਾਂਗ ਹੋ ਜਾਵੇਗਾ।
ਬਿਜਲੀ ਤੇ ਪਾਣੀ ਦੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿਚ ਬਿਜਲੀ ਤੇ ਪਾਣੀ ਦੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਾਣੀ ਨਾ ਮਿਲਣ ਕਾਰਨ ਫ਼ਸਲਾਂ ਸੁੱਕ ਰਹੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਮੁਲਤਾਨੀ ਨੇ ਕਿਹਾ ਕਿ ਬਿਜਲੀ ਸੰਕਟ ਤੇ ਨਹਿਰਬੰਦੀ ਕਰ ਕੇ ਕਿਸਾਨਾਂ ਦਾ ਹਰਾ-ਚਾਰਾ, ਸਬਜ਼ੀਆਂ ਆਦਿ ਨੁਕਸਾਨੇ ਜਾ ਰਹੇ ਹਨ। ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫਸਲਾਂ ਦੀ ਸਿੰਚਾਈ ਕਰਨ ਲਈ ਮਜਬੂਰ ਹਨ। ਕਣਕ ਦਾ ਝਾੜ ਘੱਟ ਨਿਕਲਣ ਕਰ ਕੇ ਕਿਸਾਨ ਪਹਿਲਾਂ ਹੀ ਖਾਲੀ ਹੱਥ ਹਨ ਤੇ ਉੱਪਰੋਂ ਬਿੱਜਲੀ ਦੇ ਲੰਬੇ ਕੱਟਾਂ ਤੇ ਨਹਿਰਬੰਦੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਪਿੰਡਾਂ ਨੂੰ ਮਿਲਦੀ ਚੌਵੀ ਘੰਟਿਆਂ ਦੀ ਘਰੇਲੂ ਸਪਲਾਈ ਵਿੱਚ ਵੀ ਵੱਡੇ ਕੱਟ ਲੱਗ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਫੌਰੀ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ ਤੇ ਖੇਤੀ ਮੋਟਰਾਂ ਲਈ ਬਿਜਲੀ ਦੀ ਅੱਠ ਘੰਟੇ ਨਿਰਵਿਘਨ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਗਰਮੀ ਵਿੱਚ ਘਰੇਲੂ ਸਪਲਾਈ ਨੂੰ ਠੀਕ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਜੇ ਸਰਕਾਰ ਨੇ ਫੌਰੀ ਇਨ੍ਹਾਂ ਮੰਗਾਂ ਨੂੰ ਨਾ ਮੰਨਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।