ਗੁਰਪ੍ਰੀਤ ਦੌਧਰ
ਅਜੀਤਵਾਲ, 18 ਜਲਾਈ
ਭਾਰਤ ਸਰਕਾਰ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਕੌਮੀ ਮਾਰਗ ਵਿੱਚ ਆਈ ਜ਼ਮੀਨ ਦੇ ਮਾਲਕਾਂ ਨੂੰ ਵਾਧੂ ਕੀਮਤ ਦਿਵਾਉਣ ਦੇ ਨਾਂ ’ਤੇ ਪਿੰਡ ਰੌਲੀ ਦੇ ਇੱਕ ਵਿਅਕਤੀ ਵੱਲੋਂ ਪਿੰਡ ਦੇ ਹੀ ਕਿਸਾਨਾਂ ਨਾਲ 7.5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਡੀਜੀਪੀ ਤੇ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਇਨਸਾਫ਼ ਲਈ ਦਰਖਾਸਤਾਂ ਦਿੱਤੀਆਂ ਗਈਆਂ ਸਨ ਪਰ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਰੌਲੀ ਦੇ ਸੈਂਕੜੇ ਕਿਸਾਨਾਂ ਨੇ ਪਿੰਡ ਦੀਆਂ ਗਲੀਆਂ ਵਿਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਨਾਜ਼ਾ ਕੱਢਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸ਼ਿਕਾਇਤਕਰਤਾ ਸੁਖਮੰਦਰ ਸਿੰਘ ਫੌਜੀ ਦੱਸਿਆ ਕਿ ਪਿੰਡ ਰੌਲੀ ਦੇ ਰਹਿਣ ਵਾਲੇ ਬਲਦੇਵ ਸਿੰਘ ਨਾਂ ਦੇ ਇਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਐੱਲ754ਏ ਮਾਰਗ ਵਿੱਚ ਆਈ ਜ਼ਮੀਨ ਦੇ ਮਾਲਕਾਂ ਕੋਲੋਂ 10-10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਕਹਿ ਕੇ ਲਏ ਸਨ ਕਿ ਉਨ੍ਹਾਂ ਦੀ ਜ਼ਮੀਨ ਦਾ ਵਾਰਡ ਬਦਲ ਕੇ ਜ਼ਮੀਨਾਂ ਦਾ ਵੱਧ ਰੇਟ ਪਾਇਆ ਜਾਵੇਗਾ ਤੇ ਇਹ ਪੈਸੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਦੇਣੇ ਹਨ। ਇਸ ਮਗਰੋਂ ਪਿੰਡ ਦੇ ਕਿਸਾਨਾਂ ਨੇ 7.50 ਲੱਖ ਦੇ ਕਰੀਬ ਰੁਪਏ ਉਕਤ ਵਿਅਕਤੀ ਨੂੰ ਦੇ ਦਿੱਤੇ, ਪਰ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਜ਼ਮੀਨਾਂ ਦੇ ਵਾਰਡ ਤਾਂ ਪਹਿਲਾਂ ਹੀ ਬਦਲੇ ਜਾ ਚੁੱਕੇ ਸਨ।
ਇਸ ਸਬੰਧੀ ਉਹ ਦਰਖਾਸਤਾਂ ਦੇ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਵਿਅਕਤੀ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ। ਮੁਜ਼ਾਹਰੇ ਦੌਰਾਨ ਹਰਵਿੰਦਰ ਸਿੰਘ ਕਾਕਾ, ਰੇਸ਼ਮ ਸਿੰਘ, ਗੁਰਮੇਲ ਸਿੰਘ ਪੰਚ, ਰਾਜਿੰਦਰ ਸਿੰਘ ਤੇ ਜੀਤ ਸਿੰਘ ਪੰਚ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ: ਡੀਸੀ
ਇਸ ਸਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਮਸਲਾ ਅੱਜ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਹੁਣ ਉਨ੍ਹਾਂ ਨੇ ਸਬੰਧਤ ਮਹਿਕਮੇ ਦੇ ਡੀਆਰ ਨੂੰ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੇ ਹੁਕਤ ਦੇ ਦਿੱਤੇ ਹਨ।