ਅਸ਼ਵਨੀ ਕੁਮਾਰ
ਸਮਾਣਾ, 6 ਜੂਨ
ਸਮਾਣਾ ਨੇੜਲੇ ਪਿੰਡ ਮਵੀ ਸੱਪਾਂ ਵਿਚ ਆਵਾਰਾ ਕੁੱਤਿਆਂ ਨੇ ਸ਼ਨਿਚਰਵਾਰ ਸੁਵੱਖਤੇ ਇਕ ਕਿਸਾਨ ਨੂੰ ਨੋਚ-ਨੋਚ ਕੇ ਖਾ ਲਿਆ ਤੇ ਉਸ ਦੀ ਮੌਤ ਹੋ ਗਈ। ਹਸਪਤਾਲ ’ਚ ਮ੍ਰਿਤਕ ਕਿਸਾਨ ਨਿਰਮਲ ਸਿੰਘ (59) ਵਾਸੀ ਮਵੀ ਸੱਪਾਂ ਦੇ ਪੁੱਤਰ ਭਗਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਘਰੋਂ ਖੇਤਾਂ ਨੂੰ ਗਿਆ ਸੀ। ਘਰੋਂ ਕੁੱਝ ਦੂਰ ਆਵਾਰਾ ਕੁੱਤੇ ਘੁੰਮ ਰਹੇ ਸਨ ਤੇ ਦੇਖਦਿਆਂ ਹੀ ਉਸ ’ਤੇ ਝਪਟ ਪਏ। ਪਰਿਵਾਰ ਨੂੰ ਜਦ ਤੱਕ ਹਾਦਸੇ ਬਾਰੇ ਪਤਾ ਲੱਗਾ ਤੇ ਉਹ ਮੌਕੇ ਉਤੇ ਪਹੁੰਚੇ, ਕਿਸਾਨ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਆਵਾਰਾ ਕੁੱਤਿਆਂ ਦੀ ਬਹੁਤ ਦਹਿਸ਼ਤ ਹੈ। ਪ੍ਰਸ਼ਾਸਨ ਨੂੰ ਇਨ੍ਹਾਂ ਬਾਰੇ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਖ਼ੁਦ ਇਨ੍ਹਾਂ ਕੁੱਤਿਆਂ ਨੂੰ ਗੋਲੀਆਂ ਮਾਰ ਦੇਣਗੇ।