ਕੇ.ਪੀ. ਸਿੰਘ
ਗੁਰਦਾਸਪੁਰ, 2 ਜੂਨ
ਜ਼ਿਲ੍ਹੇ ਦੇ ਕਸਬਾ ਦੀਨਾਨਗਰ ਦੇ ਨੇੜਲੇ ਪਿੰਡ ਪਿੰਡ ਡੀਡਾ ਸਾਂਸੀਆਂ ਵਿੱਚ ਅੱਜ ਤੜਕੇ ਖ਼ੁਦ ਨੂੰ ਸੀਬੀਆਈ ਅਧਿਕਾਰੀ ਦੱਸਣ ਵਾਲੇ ਸੱਤ ਹਥਿਆਰਬੰਦ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਇੱਕ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ 35 ਤੋਲੇ ਸੋਨੇ ਦੇ ਗਹਿਣੇ ਅਤੇ ਚਾਰ ਲੱਖ ਰੁਪਏ ਲੁੱਟ ਲਏ। ਦੋ ਇਨੋਵਾ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਇਨ੍ਹਾਂ ਸੱਤ ਲੁਟੇਰਿਆਂ ’ਚ ਇਕ ਔਰਤ ਵੀ ਸ਼ਾਮਲ ਸੀ। ਦੋ ਮੁਲਜ਼ਮਾਂ ਕੋਲ ਪਿਸਤੌਲ ਵੀ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਜਾਂਦੇ ਹੋਏ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕਮਰਿਆਂ ਅੰਦਰ ਬੰਦ ਕਰ ਕੇ ਉਨ੍ਹਾਂ ਦੇ ਸੱਤ ਮੋਬਾਈਲ ਫ਼ੋਨ ਵੀ ਨਾਲ ਲੈ ਗਏ। ਪਰਿਵਾਰ ਦੀ ਮੁਖੀ ਸ਼ਿਮਲਾ ਦੀ ਨੂੰਹ ਰੋਜ਼ੀ ਨੇ ਲੁਟੇਰੇ ਸਵੇਰੇ 6 ਵਜੇ ਤੱਕ ਦੋ ਘੰਟੇ ਦੇ ਕਰੀਬ ਘਰ ਅੰਦਰ ਰਹੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀਨਾਨਗਰ ਪੁਲਿਸ ਦੇ ਡੀਐੱਸਪੀ ਮਹੇਸ਼ ਸੈਣੀ, ਥਾਣਾ ਮੁਖੀ ਸ਼ਾਮ ਲਾਲ ਸਣੇ ਗੁਰਦਾਸਪੁਰ ਤੇ ਕੁਝ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮਿਲੀ ਸੂਚਨਾ ਅਨੁਸਾਰ ਚੰਡੀਗੜ੍ਹ ’ਚੋਂ ਇਕ ਲੁਟੇਰਾ ਦਬੋਚਿਆ ਜਾ ਚੁੱਕਿਆ ਹੈ,ਜੋ ਫ਼ਿਲਹਾਲ ਚੰਡੀਗੜ੍ਹ ਪੁਲੀਸ ਦੀ ਹਿਰਾਸਤ ਵਿੱਚ ਹੈ। ਉਸ ਨੂੰ ਲੈਣ ਲਈ ਦੀਨਾਨਗਰ ਤੋਂ ਪੁਲੀਸ ਦੀ ਟੀਮ ਰਵਾਨਾ ਹੋ ਚੁੱਕੀ ਹੈ।