ਅਜੈ ਕੁਮਾਰ
ਬੱਸੀ ਪਠਾਣਾਂ, 14 ਜੁਲਾਈ
ਇਥੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਿਸ ਨੂੰ ਕੁਝ ਦਿਨ ਪਹਿਲਾ ਕਰੋਨਾ ਪਾਜ਼ੇਟਿਵ ਆਉਣ ’ਤੇਂ ਗਿਆਨ ਸਾਗਰ ਹਸਪਤਾਲ ਬਨੂੜ ’ਚ ਦਾਖ਼ਲ ਕੀਤਾ ਗਿਆ ਸੀ, ਹੁਣ ਉਸਦਾ ਪੂਰਾ ਪਰਿਵਾਰ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਨਾਲ ਸ਼ਹਿਰ ’ਚ ਕਰੋਨਾ ਕੇਸ ਵਧਣ ਕਾਰਨ ਸਹਿਮ ਦਾ ਮਾਹੌਲ ਬਣ ਗਿਆ ਹੈ। ਸ਼ਹਿਰੀ ਕਾਂਗਰਸ ਪ੍ਰਧਾਨ ਜੋਂ ਆਪਣੀ ਇੱਕ ਪ੍ਰਾਈਵੇਟ ਲੈਬੋਰੇਟਰੀ ਵੀ ਚਲਾਉਂਦਾ ਹੈ ਨੇ ਕਰੋਨਾ ਮਹਾਮਾਰੀ ਦੌਰਾਨ ਕਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਦੇਂ ਹੋਏ ਜਿੱਥੇਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਦਿੱਤਾ, ਉੱਥੇ ਹੀ ਉਸ ਵੱਲੋਂ ਸੇਵਾ ਭਾਵਨਾ ਨਾਲ ਆਮ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਵੀ ਕੀਤਾ ਗਿਆ ਪ੍ਰੰਤੂ ਮੰਗਲਵਾਰ ਨੂੰ ਆਈ ਰਿਪੋਰਟ ’ਚ ਉਸ ਦੀ ਪਤਨੀ, ਸੱਸ, ਲੜਕੀ, ਲੜਕਾ ਕਰੋਨਾ ਨਾਲ ਪੀੜਤ ਪਾਏ ਗਏ। ਐੱਸਐੱਮਓ ਨਿਰਮਲ ਕੌਰ ਨੇ ਕਰੋਨਾ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਰਿਵਾਰ ਨੂੰ ਜਲਦੀ ਹੀ ਹਸਪਤਾਲ ’ਚ ਇਲਾਜ ਲਈ ਭੇਜਿਆ ਜਾਵੇਗਾ। ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਸ਼ਹਿਰੀ ਪ੍ਰਧਾਨ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਿਹਤ ਵਿਭਾਗ ਤੋਂ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਹੋਮ ਕੁਆਰਨਟੀਨ ਹੋ ਕੇ ਇਲਾਜ ਕਰਵਾਉਣ ਦੀ ਸਹੂਲਤ ਦੇਣ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਨੂਰਪੁਰ ਬੇਦੀ ਖੇਤਰ ਵਿੱਚ ਲਗਾਤਾਰ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋਣ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਅੱਜ ਪਿੰਡ ਲਸਾੜੀ ਦੇ ਇੱਕ 35 ਸਾਲ ਵਿਅਕਤੀ ਦੇ ਕਰੋਨਾ ਪਾਜ਼ੇਟਿਵ ਆਉਣ ਦੀ ਖਬਰ ਹੈ। ਹੁਣ ਤੱਕ ਇੱਕ ਦਰਜਨ ਤੋਂ ਵੱਧ ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਦੇ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ ਰਹਿਣ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਗਈ ਹੈ।
ਅੱਜ ਕਰੋਨਾ ਨਾਲ ਨਜਿੱਠਣ ਲਈ ਇਲਾਕੇ ਦੀ ਸਮਾਜ ਸੇਵੀ ਸੰਸਥਾਂ ‘ਪਹਿਲਾ ਇਨਸਾਨੀਅਤ’ ਵੱਲੋਂ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾਂ ਦੇ ਸਰਪ੍ਰਸਤ ਅਤੇ ਸਿੱਖ ਵਿਦਵਾਨ ਅਤੇ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਪਿੰਡ ਕਲਵਾਂ ਸਥਿਤ ਸੁੱਖ ਅਮ੍ਰਿਤ ਫਾਰਮ ਵਿੱਚ ਇੱਕ ਮੀਟਿੰਗ ਬੁਲਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਤੇ ਲੱਖਾਂ ਮਾਸਕ ਮੁੱਹਈਆ ਕਰਵਾਏ ਜਾ ਰਹੇ ਹਨ ਤਾਂ ਜੋ ਕਰੋਨਾ ਨਾਲ ਡਟ ਕੇ ਟਾਕਰਾ ਕੀਤਾ ਜਾ ਸਕੇ। ਉਨ੍ਹਾਂ ਪਿੰਡ ਕਲਵਾਂ ਦੀ ਸਰਪੰਚ ਰਾਜ ਰਾਣੀ ਦੇ ਪਤੀ ਸ਼ੁਭਾਸ਼ ਚੰਦ ਵਾਸੂਦੇਵਾ ਨੂੰ ਲੱਗਪੱਗ ਦੋ ਹਾਜ਼ਰ ਦੇ ਕਰੀਬ ਮਾਸਕ ਭੇਟ ਕੀਤੇ।
ਆਈਟੀਆਈ ਸੰਸਥਾਵਾਂ ਨੇ ਲੋਕਾਂ ਨੂੰ ਵੰਡੇ ਲੱਖਾਂ ਮਾਸਕ
ਨੂਰਪੁਰ ਬੇਦੀ (ਬਲਵਿੰਦਰ ਰੈਤ): ਪੰਜਾਬ ਦੀਆਂ ਆਈਟੀਆਈਜ਼ ਵੱਲੋਂ ਕੋਵਿਡ-19 ਦੇ ਬਚਾਓ ਲਈ ਲੱਖਾਂ ਮਾਸਕ ਬਣਾ ਕੇ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਤਕਨੀਕੀ ਸਿੱਖਿਆਂ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਦਲਜੀਤ ਕੌਰ ਸਿੱਧੂ ਨੇ ਕਿਹਾ ਕਿ ਤਕਨੀਕੀ ਸਿੱਖਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾ ਤੇ ਕਰੋਨਾ ਤੋਂ ਬਚਾਅ ਲਈ ਪੰਜਾਬ ਦੀਆਂ ਆਈਟੀਆਈ ਸੰਸਥਾਵਾਂ ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਸੰਸਥਾਵਾਂ ਵੱਲੋਂ ਹੁਣ ਤੱਕ ਲੱਖਾਂ ਮਾਸਕ ਲੋਕਾਂ ਨੂੰ ਮੁਫ਼ਤ ਦਿੱਤੇ ਗਏ ਹਨ ਜਿਨ੍ਹਾਂ ਦਾ ਸਿਹਰਾ ਸੰਸਥਾਂ ਦੇ ਪ੍ਰਿੰਸੀਪਲਾਂ ਨੂੰ ਜਾਂਦਾ ਹੈ। ਉਨ੍ਹਾਂ ਇਸ ਕੰਮ ਲਈ ਆਈਟੀਆਈ (ਇ) ਮੁਹਾਲੀ ਅਤੇ ਨੰਗਲ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ।