ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 1 ਨਵੰਬਰ
ਗਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਅਤੇ ਸਿਖਰਲੇ ਦਿਨ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਗਦਰ ਪਾਰਟੀ ਅਤੇ ਗਦਰ ਅਖ਼ਬਾਰ ਦੀ ਸਥਾਪਨਾ ਦੇ 109 ਵਰ੍ਹੇ ਬਾਅਦ ਵੀ ਗੁਲਾਮੀ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਦੀ ਕਾਲੀ ਤੰਗ ਗਲੀ ਵਿੱਚ ਸਾਹ ਲੈ ਰਹੇ ਹਾਂ ਪਰ ਇਸ ਹਨੇਰੇ ਨੂੰ ਚੀਰਨ ਲਈ ਮੇਲਾ ਗਦਰੀ ਬਾਬਿਆਂ ਦਾ ਚਾਨਣ ਦੀ ਲੀਕ ਦਾ ਕੰਮ ਕਰ ਰਿਹਾ ਹੈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮੁਲਕ ਨੂੰ ਲੋਕ-ਦੋਖੀ ਤਾਕਤਾਂ ਨੇ ਨਿਘਾਰ ’ਚ ਸੁੱਟ ਦਿੱਤਾ। ਤਿੰਨ ਰੋਜ਼ਾ 31ਵੇਂ ਗਦਰੀ ਬਾਬਿਆਂ ਦੇ ਮੇਲੇ ’ਚ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਨੇ ਕੀਤੀ। ਉਨ੍ਹਾਂ ਕਿਹਾ ਕਿ ਗਦਰੀ ਦੇਸ਼ ਭਗਤਾਂ ਦੇ ਸਮੂਹ ਵਾਰਸਾਂ ਤੋਂ ਸਮਾਂ ਅੱਜ ਇਹੀ ਮੰਗ ਕਰਦਾ ਹੈ ਕਿ ਉਹ ਸਭ ਮਿਲਕੇ ਵਿਸ਼ਾਲ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਕਰਨ ਲਈ ਅੱਗੇ ਆਉਣ। ਅਮੋਲਕ ਸਿੰਘ ਦਾ ਲਿਖਿਆ ਸਤਪਾਲ ਬੰਗਾ ਪਟਿਆਲਾ ਦਾ ਨਿਰਦੇਸ਼ਿਤ ਕੀਤਾ 110 ਕਲਾਕਾਰਾਂ ਵੱਲੋਂ ਪੇਸ਼ ਸੰਗੀਤ-ਨਾਟ ਓਪੇਰਾ ਝੰਡੇ ਦਾ ਗੀਤ ‘ਗ਼ਦਰ ਦਾ ਪੈਗ਼ਾਮ: ਜਾਰੀ ਰੱਖਣਾ ਸੰਗਰਾਮ’ ਨੇ ਲੋਕਾਂ ਦੀਆਂ ਅੱਖਾਂ ’ਚੋਂ ਭਰ ਵਗਦੇ ਦਰਿਆਵਾਂ ਅਤੇ ਰੋਹ ਦੀ ਝਲਕ ਸਿਰਜੀ। ਖਚਾਖਚ ਭਰਿਆ ਪੰਡਾਲ ਵਾਰ-ਵਾਰ ਤਾੜੀਆਂ ਅਤੇ ਨਾਅਰਿਆਂ ਨਾਲ ਝੰਡੇ ਦੇ ਗੀਤ ਦੀ ਪੇਸ਼ਕਾਰੀ ਨੂੰ ਸਲਾਮ ਕਰਦਾ ਰਿਹਾ। ਝੰਡੇ ਦੇ ਗੀਤ ਨੇ ਪੰਜਾਬ ਵੰਡ ਦੇ ਦੁਖ਼ਾਤ ਤੋਂ ਲੈ ਕੇ ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ, ਬੁੱਧੀਜੀਵੀਆਂ ਦੀ ਰਿਹਾਈ, ਦਲਿਤਾਂ ’ਤੇ ਜਬਰ, ਪੰਜਾਬ ਵਿੱਚ ਫ਼ਿਰਕੂ ਹਵਾਵਾਂ ਵਗਾਉਣ ਦੇ ਕੋਝੇ ਮਨਸ਼ਿਆਂ ਅਤੇ ਲੋਕਾਂ ਦੇ ਚੱਲ ਰਹੇ ਸੰਗਰਾਮਾਂ ਦੀ ਖੂਬਸੂਰਤੀ ਨਾਲ ਬਾਤ ਪਾਈ।
ਅੱਜ ਦੇ ਮੇਲੇ ਦੇ ਦਿਨ ਦੇ ਸੈਸ਼ਨ ਦੇ ਸਭ ਤੋਂ ਪਹਿਲੇ ਬੁਲਾਰੇ ਡਾ. ਨਵਸ਼ਰਨ ਨੇ ਕਿਹਾ,‘‘ਅਸੀਂ ਫਾਸ਼ੀਵਾਦ, ਕਾਰਪੋਰੇਟ ਖ਼ਿਲਾਫ਼ ਸੰਗਰਾਮ ਕਰਾਂਗੇ ਤਾਂ ਜੋ ਕੁਦਰਤੀ ਸੋਮਿਆਂ, ਜੰਗਲ, ਜਲ, ਜ਼ਮੀਨ ਉਪਰ ਏਕਾ-ਅਧਿਕਾਰ ਸਥਾਪਤ ਕਰਨ ਤੁਰੇ ਧੰਨ ਕੁਬੇਰਾਂ ਨੂੰ ਪਛਾੜਿਆ ਜਾ ਸਕੇ।’’ ਸਮਾਗਮ ਦੇ ਦੂਜੇ ਬੁਲਾਰੇ ਡਾ. ਰਾਜ ਰਤਨ ਅੰਬੇਦਕਰ ਨੇ ਕਿਹਾ ਕਿ ਮੋਦੀ ਹਕੂਮਤ ਦੀ ਵਿਚਾਰਧਾਰਕ ਸੰਸਥਾ ਆਰਐੱਸਐੱਸ ਨੂੰ ਲੋਕ ਤਾਕਤ ਨਾਲ ਲੱਕ ਤੋੜਵੀਂ ਹਾਰ ਦੇਣ ਦੀ ਲੋੜ ਹੈ। ਪਹਿਲਾਂ ਵਾਂਗ ਹੀ ਜੰਤਾ ਅਤੇ ਔਕਸਫੋਰਡ ਹਸਪਤਾਲ ਵੱਲੋਂ ਮੈਡੀਕਲ ਸਹਾਇਤਾ ਕੈਂਪ ਲਾਇਆ ਗਿਆ। ਨਾਮਧਾਰੀ ਦਰਬਾਰ ਭੈਣੀ ਸਾਹਿਬ ਤੋਂ ਕਮਾਲ ਸਿੰਘ ਦੀ ਅਗਵਾਈ ’ਚ ਆਏ ਜੱਥੇ ਨੇ ਇਨਕਲਾਬੀ ਗੀਤਾਂ ’ਚ ਪਰੋਇਆ ‘ਹੱਲਾ’ ਪੇਸ਼ ਕੀਤਾ। ਹੱਲਾ ਨੇ ਇਸ ਵਾਰ ਮੇਲੇ ’ਚ ਸੰਗੀਤ ਦੀ ਨਵੀਂ ਪਰਵਾਜ਼ ਭਰੀ। ਹਰਿੰਦਰ ਸੋਹਲ ਅੰਮ੍ਰਿਤਸਰ ਅਤੇ ਉਸਦੇ ਸਾਥੀਆਂ ਨੇ ਗਾਇਕੀ ਨਾਲ ਲੋਕਾਂ ਦਾ ਮਨ ਮੋਹ ਲਿਆ। ਖਾਲਸਾ ਕਾਲਜ ਗੜ੍ਹਦੀਵਾਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗੁਰਪਿੰਦਰ ਸਿੰਘ ਦੀ ਅਗਵਾਈ ’ਚ ਗੀਤ-ਸੰਗੀਤ ਪੇਸ਼ ਕੀਤਾ।