ਪਾਲ ਸਿੰਘ ਨੌਲੀ
ਜਲੰਧਰ, 27 ਅਕਤੂਬਰ
ਇਸ ਵਾਰ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ, ਖੇਤੀ ਕਾਨੂੰਨਾਂ ਖਿਲਾਫ਼ ਲੜੇ ਜਾ ਰਹੇ ਸ਼ਾਨਾਂਮੱਤੇ ਇਤਿਹਾਸਕ ਘੋਲ ਨੂੰ ਸਮਰਪਿਤ ਹੋਵੇਗਾ। ਇਹ ਮੇਲਾ 31 ਅਕਤੂਬਰ ਅਤੇ 1 ਨਵੰਬਰ ਨੂੰ ਮਨਾਇਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਅਤੇ ਖਜ਼ਾਨਚੀ ਰਣਜੀਤ ਸਿੰਘ ਔਲਖ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਦੱਸਿਆ ਕਿ ਮੇਲੇ ’ਚ ਜਿੱਥੇ ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ ਨੂੰ ਉਭਾਰਿਆ ਜਾਵੇਗਾ, ਉਥੇ ਬੀਤੇ ਇੱਕ ਵਰ੍ਹੇ ਤੋਂ ਦਿੱਲੀ ਸਮੇਤ ਦੇਸ਼ ’ਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਟਿੱਚ ਸਮਝਣ ਵਾਲੀ ਮੋਦੀ ਹਕੂਮਤ ਖਿਲਾਫ਼ ਹੋਰ ਵੀ ਵਿਆਪਕ ਅਤੇ ਤਿੱਖਾ ਜਨਤਕ ਸੰਗਰਾਮ ਜਾਰੀ ਰੱਖਣ ਲਈ ਦ੍ਰਿੜ੍ਹ ਸੰਕਲਪ ਹੋਣ ਦਾ ਸੱਦਾ ਦੇਵੇਗਾ। ਕਮੇਟੀ ਆਗੂਆਂ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 31 ਅਕਤੂਬਰ ਨੂੰ ਸਵੇਰੇ 10.30 ਵਜੇ ਸ਼ਮ੍ਹਾਂ ਰੌਸ਼ਨ ਕਰਕੇ ਕਿਸਾਨ ਅੰਦੋਲਨ ਅਤੇ ਬੱਬਰ ਅਕਾਲੀ ਲਹਿਰ ਉੱਪਰ ਵਿਚਾਰ-ਚਰਚਾ ਹੋਵੇਗੀ। ਪਹਿਲੀ ਨਵੰਬਰ ਸਵੇਰੇ 10.30 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਅਦਾ ਕਰਨਗੇ। ਇਸ ਉਪਰੰਤ ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ‘ਬੱਬਰਾਂ, ਜਲ੍ਹਿਆਂਵਾਲਾ ਬਾਗ਼ ਅਤੇ ਮਜ਼ਦੂਰ-ਕਿਸਾਨ ਘੋਲ ਦੀ ਗੂੰਜ’ ਪਾਉਂਦਾ ਸੰਗੀਤਕ ਓਪੇਰਾ ਰੂਪੀ ਝੰਡੇ ਦਾ ਗੀਤ ‘ਵਕਤ ਦੀ ਆਵਾਜ਼’ ਹੋਏਗਾ। ਸ਼ਾਮ 6 ਵਜੇ ਫੁਲਵਾੜੀ ਕਲਾ ਕੇਂਦਰ, ਲੋਹੀਆਂ (ਜਗੀਰ ਜੋਸਣ) ਦੀ ਟੀਮ ਜਾਗੋ ਪੇਸ਼ ਕਰੇਗੀ। ਆਗੂਆਂ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਜੇ ਬਹਾਲ ਨਾ ਕੀਤਾ ਗਿਆ ਤਾਂ ਮੇਲੇ ’ਚ ਲੋਕਾਂ ਦੀ ਸਹਿਮਤੀ ਲੈ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਏਗਾ। ਨਵੰਬਰ 1984 ਨੂੰ ਦਿੱਲੀ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਮੇਲੇ ’ਚ ਆਵਾਜ਼ ਬੁਲੰਦ ਕੀਤੀ ਜਾਏਗੀ।
ਪਹਿਲੀ ਨਵੰਬਰ ਨੂੰ ਹੋਵੇਗੀ ਨਾਟਕਾਂ ਭਰੀ ਰਾਤ
ਪਹਿਲੀ ਨਵੰਬਰ ਨਾਟਕਾਂ ਭਰੀ ਰਾਤ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਦੀ ਨਾਟਕ ਟੀਮ ਲੋਕ ਕਲਾ ਮੰਚ, ਮਾਨਸਾ ‘ਐਂ ਕਿਵੇਂ ਖੋਹ ਲੈਣਗੇ ਜ਼ਮੀਨਾਂ ਸਾਡੀਆਂ’, ਮੰਚ ਰੰਗ ਮੰਚ ਅੰਮ੍ਰਿਤਸਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਪੇਸ਼ ਕਰੇਗਾ ‘ਖ਼ੂਨੀ ਵਿਸਾਖੀ’, ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ) ‘ਧੰਨ ਲੇਖਾਰੀ ਨਾਨਕਾ’, ਇਟਾਲੀਅਨ ਨਾਟਕਕਾਰ ਦਾਰੀਓ ਫੋ ਦਾ ਨਾਟਕ ਦਾ ਪੰਜਾਬੀ ਰੂਪ ‘ਏਦਾਂ ਤਾਂ ਫਿਰ ਏਦਾਂ ਹੀ ਸਈ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਸੁਚੇਤਕ ਰੰਗ ਮੰਚ ਮੁਹਾਲੀ ਅਤੇ ‘ਘਸਿਆ ਹੋਇਆ ਆਦਮੀ’ ਸ਼ੈਰੀ ਸਿਹੌੜਾ, ਪਾਵੇਲ ਸਿਹੌੜਾ ਦੀ ਨਿਰਦੇਸ਼ਨਾ ’ਚ ਅਵਾਮੀ ਰੰਗ ਮੰਚ ਸਿਹੌੜਾ (ਲੁਧਿਆਣਾ) ਪੇਸ਼ ਕਰੇਗਾ।