ਐਨਪੀ ਧਵਨ
ਪਠਾਨਕੋਟ, 22 ਜਨਵਰੀ
ਭਾਜਪਾ ਵੱਲੋਂ ਪਠਾਨਕੋਟ ਤੋਂ ਆਪਣੇ ਉਮੀਦਵਾਰ ਐਲਾਨੇ ਗਏ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਇੱਥੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਵੱਲੋਂ ਮੁੱਖ ਮੰਤਰੀ ਦਾ ਚਿਹਰਾ, ਪਾਰਟੀ ਦਾ ਪਾਰਲੀਮਾਨੀ ਬੋਰਡ ਤੈਅ ਕਰੇਗਾ। ਉਹ ਅੱਜ ਸਵੇਰੇ ਦਿੱਲੀ ਤੋਂ ਆਪਣੇ ਹਲਕੇ ਵਿੱਚ ਪੁੱਜੇ, ਜਿੱਥੇ ਉਨ੍ਹਾਂ ਡਮਟਾਲ ਵਿਖੇ ਹਿਲਟੌਪ ਮੰਦਰ ਵਿੱਚ ਮੱਥਾ ਟੇਕਿਆ। ਪਠਾਨਕੋਟ ’ਚ ਪਾਰਟੀ ਵਰਕਰਾਂ ਨੇ ਵੱਖ ਵੱਖ ਥਾਈਂ ਉਨ੍ਹਾਂ ਦਾ ਸਵਾਗਤ ਕੀਤਾ।
ਕਾਂਗਰਸ ਵੱਲੋਂ ਭਾਜਪਾ ’ਤੇ ਚੋਣਾਂ ਵਿੱਚ ਲਾਹਾ ਖੱਟਣ ਲਈ ਪੰਜਾਬ ’ਚ ਈਡੀ ਕੋਲੋਂ ਛਾਪੇ ਮਰਵਾਉਣ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸ਼ਹਿ ’ਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ-ਆਪ ਨੂੰ ਆਮ ਨਾਗਰਿਕ ਹੋਣ ਦਾ ਨਾਟਕ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਭਤੀਜੇ ਦੇ ਘਰੋਂ 10 ਕਰੋੜ ਰੁਪਏ, 12 ਲੱਖ ਦੀ ਘੜੀ ਅਤੇ 21 ਲੱਖ ਦਾ ਸੋਨਾ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਪੈਸੇ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਸੁਰੱਖਿਆ ਦਾ ਹੈ, ਜਿਸ ਬਾਰੇ ਉਹ ਗਾਰੰਟੀ ਦਿੰਦੇ ਹਨ ਕਿ ਜੇਕਰ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਅੰਦਰ ਹਰ ਵਿਅਕਤੀ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਆਧਾਰ ਗੁਆ ਰਿਹਾ ਹੈ, ਜਿਸ ਕਰਕੇ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂ ਦੇ ਭਵਿੱਖ ਬਾਰੇ ਸੋਚਦੀ ਹੈ। ਉਨ੍ਹਾਂ ਕਿਹਾ ਭਾਜਪਾ ਸਾਰੇ ਵਾਅਦੇ ਪੂਰੇ ਕਰੇਗੀ।