ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਰਾਜ ਭਵਨ ’ਚ ਹੋਏ ਧਾਰਮਿਕ ਸਮਾਗਮਾਂ ਦੇ ਬਿੱਲਾਂ ਨੇ ਪੰਜਾਬ ਸਰਕਾਰ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਪੰਜਾਬ ਰਾਜ ਭਵਨ ਦੇ ਮੁੱਖ ਕਾਰਜਕਾਰੀ ਅਫ਼ਸਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਧਾਰਮਿਕ ਸਮਾਗਮਾਂ ਦੇ 8.31 ਲੱਖ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ ਆਖਿਆ ਹੈ। ਪ੍ਰਾਹੁਣਚਾਰੀ ਵਿਭਾਗ ਲਈ ਹੁਣ ਸਮੱਸਿਆ ਬਣ ਗਈ ਹੈ ਕਿ ਕਿਹੜੇ ਨਿਯਮਾਂ ਤਹਿਤ ਇਨ੍ਹਾਂ ਬਿੱਲਾਂ ਦੀ ਅਦਾਇਗੀ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪ੍ਰਾਹੁਣਚਾਰੀ ਵਿਭਾਗ ਨੇ ਰਾਜ ਭਵਨ ਨੂੰ ਪੱਤਰ ਲਿਖਿਆ ਹੈ ਕਿ ਕੀ ਪਹਿਲਾਂ ਰਾਜ ਭਵਨ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਲਈ ਬਿੱਲਾਂ ਦੀ ਅਦਾਇਗੀ ਹੋਈ ਹੈ? ਦੱਸਣਯੋਗ ਹੈ ਕਿ ਪੰਜਾਬ ਰਾਜ ਭਵਨ ਦੇ ਨਵੇਂ ਆਡੀਟੋਰੀਅਮ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 23 ਅਪਰੈਲ ਤੋਂ 29 ਅਪਰੈਲ 2022 ਤੱਕ ਸੱਤ ਰੋਜ਼ਾ ਸ੍ਰੀ ਰਾਮ ਕਥਾ ਕਰਵਾਈ ਗਈ ਸੀ। ਇਨ੍ਹਾਂ ਸੱਤ ਦਿਨਾਂ ਦੌਰਾਨ ਰੋਜ਼ਾਨਾ ਸ਼ਾਮ 4 ਵਜੇ ਤੋਂ 6.30 ਵਜੇ ਤੱਕ ਧਾਰਮਿਕ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ ਹਰਿਆਣਾ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਰਾਜਪਾਲਾਂ ਨੇ ਵੀ ਸ਼ਮੂਲੀਅਤ ਕੀਤੀ ਸੀ। ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਇਨ੍ਹਾਂ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਏ ਸਨ। ਪੰਜਾਬ ਰਾਜ ਭਵਨ ਦੇ ਮੁੱਖ ਕਾਰਜਕਾਰੀ ਅਫ਼ਸਰ ਨੇ 16 ਜੂਨ ਨੂੰ ਪ੍ਰਾਹੁਣਚਾਰੀ ਵਿਭਾਗ ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਸੱਤ ਰੋਜ਼ਾ ਧਾਰਮਿਕ ਸਮਾਗਮਾਂ ’ਤੇ ਆਏ 8.31 ਲੱਖ ਦੇ ਖ਼ਰਚੇ ਦੀ ਅਦਾਇਗੀ (ਬਿੱਲ ਨੰਬਰ 17) ਈਐੱਮਸੀ ਪ੍ਰਾਈਵੇਟ ਲਿਮਟਿਡ ਨੂੰ ਕਰ ਦਿੱਤੀ ਜਾਵੇ। ਖ਼ਰਚੇ ਦੇ ਬਿੱਲ ਵੀ ਸਰਕਾਰ ਨੂੰ ਭੇਜੇ ਗਏ ਹਨ। ਬਿੱਲ ਅਨੁਸਾਰ ਸੱਤ ਦਿਨਾਂ ਲਈ ਇਸ ਕੰਪਨੀ ਵੱਲੋਂ ਪੰਡਾਲ ਬਣਾਇਆ ਗਿਆ ਸੀ, ਜਿਸ ਦਾ ਖਰਚਾ 1.05 ਲੱਖ ਰੁਪਏ ਪ੍ਰਤੀ ਦਿਨ ਦਾ ਲਾਇਆ ਗਿਆ ਅਤੇ ਇਸੇ ਤਰ੍ਹਾਂ ਰੈੱਡ ਕਾਰਪੈਟ ਦਾ ਪ੍ਰਤੀ ਦਿਨ ਖਰਚਾ 12,400 ਰੁਪਏ ਪਾਇਆ ਗਿਆ ਹੈ। ਸੋਫੇ ਅਤੇ ਫਰਨੀਚਰ ਦਾ ਵੱਖਰਾ ਖਰਚਾ ਪਾਇਆ ਗਿਆ। ਇਸ ਕੰਪਨੀ ਨੇ 9.86 ਲੱਖ ਰੁਪਏ ਦਾ ਬਿੱਲ ਬਣਾਇਆ ਸੀ, ਜਿਸ ’ਚ ਛੋਟ ਮਗਰੋਂ ਰਾਜ ਭਵਨ ਨੇ 8.31 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਸੀ।
ਨਿਯਮ ਘੋਖ ਰਹੇ ਹਾਂ: ਡਾਇਰੈਕਟਰ
ਪ੍ਰਾਹੁਣਚਾਰੀ ਵਿਭਾਗ ਦੀ ਡਾਇਰੈਕਟਰ ਸੋਨਾਲੀ ਗਿਰੀ ਨੇ ਕਿਹਾ ਕਿ ਰਾਜ ਭਵਨ ਤੋਂ ਧਾਰਮਿਕ ਸਮਾਗਮਾਂ ਦੇ ਬਿੱਲ ਮਿਲੇ ਹਨ, ਜਿਨ੍ਹਾਂ ਦੀ ਅਦਾਇਗੀ ਬਾਰੇ ਹਾਲੇ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਮਹਿਕਮੇ ਦੇ ਨਿਯਮ ਘੋਖ ਰਹੇ ਹਨ ਤਾਂ ਜੋ ਇਨ੍ਹਾਂ ਬਿੱਲਾਂ ਬਾਰੇ ਫ਼ੈਸਲਾ ਕੀਤਾ ਜਾ ਸਕੇ। ਨਿਯਮਾਂ ਅਨੁਸਾਰ ਹੀ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ।