ਗਗਨਦੀਪ ਅਰੋੜਾ
ਲੁਧਿਆਣਾ, 15 ਸਤੰਬਰ
ਇੱਥੇ ਅੱਜ ਡੀਸੀ ਦਫ਼ਤਰ ਦੇ ਬਾਹਰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਸਾਬਕਾ ਫੌਜੀ ਪ੍ਰਦਰਸ਼ਨ ਦੌਰਾਨ ਮੁੁੱਖ ਮੰਤਰੀ ਦਾ ਪੁਤਲਾ ਫੂਕ ਰਹੇ ਸਨ। ਜਦੋਂ ਪੁਤਲੇ ਨੂੰ ਸਾਬਕਾ ਫੌਜੀ ਅੱਗ ਲਾਉਣ ਲੱਗੇ ਤਾਂ ਅੱਗ ਅਚਾਨਕ ਭੜਕ ਗਈ। ਇਸ ਦੌਰਾਨ ਇੱਕ ਸਾਬਕਾ ਫੌਜੀ ਦੇ ਹੱਥ ਨੂੰ ਅੱਗ ਨੇ ਲਪੇਟ ’ਚ ਲੈ ਲਿਆ। ਹਾਲਾਂਕਿ ਅੱਗ ’ਤੇ ਸਾਥੀਆਂ ਨੇ ਸਮਾਂ ਰਹਿੰਦੇ ਹੀ ਕਾਬੂ ਪਾ ਲਿਆ ਤੇ ਸਾਬਕਾ ਫੌਜੀ ਦਾ ਬਚਾਅ ਹੋ ਗਿਆ। ਇਸ ਮਗਰੋਂ ਵੀ ਸਾਬਕਾ ਫੌਜੀਆਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਿਆ। ਹਾਦਸੇ ਵਿੱਚ ਜ਼ਖਮੀ ਹੋਏ ਸਾਬਕਾ ਫੌਜੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨ ਲਈ ਮਜਬੂਰ ਹੋਣਗੇ।
ਜਾਣਕਾਰੀ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਫੌਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਸਨ। ਇਸੇ ਦੌਰਾਨ ਪੰਜਾਬ ਸਰਕਾਰ ਦੇ ਪੁਤਲੇ ਨੂੰ ਅੱਗ ਲਾਉਣੀ ਸੀ। ਜਿਵੇਂ ਹੀ ਪੁਤਲੇ ਨੁੂੰ ਅੱਗ ਲਾਉਣ ਲਈ ਪੈਟਰੋਲ ਪਾਇਆ ਤਾਂ ਇੱਕ ਸਾਬਕਾ ਫੌਜੀ ਨੇ ਪੁਤਲੇ ਨੂੰ ਅੱਗ ਲਾ ਦਿੱਤੀ। ਅੱਗ ਨੇ ਪੁਤਲੇ ਦੇ ਨਾਲ-ਨਾਲ ਸਾਬਕਾ ਫੌਜੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੇਵਾ ਮੁਕਤ ਕਰਨਲ ਐੱਸਐੱਚ ਕਾਹਲੋਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਜੀਓਜੀ ਗਾਰਡੀਅਨ ਆਫ਼ ਗਵਰਨੈਸ ਸਕੀਮ ਚਲਾਈ ਗਈ ਸੀ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ’ਤੇ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।