ਖੇਤਰੀ ਪ੍ਰਤੀਨਿਧ
ਪਟਿਆਲਾ, 12 ਮਈ
ਪਾਵਰਕੌਮ ਦੀ ਵਿੱਤੀ ਹਾਲਤ ਸੁਧਾਰਨ ਲਈ ਸਬੰਧਿਤ ਇੰਜਨੀਅਰਜ਼ ਐਸੋਸੀਏਸ਼ਨ ਨੇ ਬਿਜਲੀ ਸਬੰਧੀ ਸਾਲਾਨਾ 4000 ਕਰੋੜ ਦੀ ਬੱਚਤ ਕਰਨ ਦੇ ਤਰੀਕੇ ਸੁਝਾਏ ਹਨ। ਇਸ ਸਬੰਧੀ ਐਸੋਸੀਏਸ਼ਨ ਦੇ ਇੱਕ ਪੰਜ ਮੈਂਬਰੀ ਵਫ਼ਦ ਨੇ ਪ੍ਰਧਾਨ ਜਸਬੀਰ ਧੀਮਾਨ ਅਤੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਦੀ ਅਗਵਾਈ ਹੇਠ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੁਲਾਕਾਤ ਕੀਤੀ ਹੈ। ਵਫ਼ਦ ਦਾ ਤਰਕ ਸੀ ਕਿ ਇਸ ਦੌਰਾਨ ਪ੍ਰਾਈਵੇਟ ਜੈਨਰੇਟਰਾਂ ਨਾਲ ਬਿਜਲੀ ਖਰੀਦ ਸਮਝੌਤਿਆਂ (ਪੀਪੀਏ) ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤੇ ਬੇਲੋੜੇ ਸਥਿਰ ਅਤੇ ਪਰਿਵਰਤਨਸ਼ੀਲ ਖਰਚਿਆਂ ਨੂੰ ਬਚਾਉਣ ਲਈ ਸੋਧਿਆ ਜਾਣਾ ਚਾਹੀਦਾ ਹੈ। ਸੂਬੇ ਅੰਦਰ ਭਵਿੱਖ ਵਿੱਚ ਬਿਜਲੀ ਪੈਦਾ ਕਰਨ ਵਾਲੇ ਸਾਰੇ ਪਲਾਂਟ ਲਗਾਏ ਜਾਣੇ ਚਾਹੀਦੇ ਹਨ।