ਜੋਗਿੰਦਰ ਸਿੰਘ ਮਾਨ
ਮਾਨਸਾ, 11 ਮਾਰਚ
ਸੰਯੁਕਤ ਸਮਾਜ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਇੱਥੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਮੋਰਚੇ ਵੱਲੋਂ ਭਲਕੇ 12 ਮਾਰਚ ਨੂੰ ਮੁੱਲਾਂਪੁਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਬੀਰ ਸਿੰਘ ਰਾਜੇਵਾਲ ਸਮੇਤ ਹੋਰਨਾਂ ਆਗੂਆਂ ਦੀ ਕਾਰਗੁਜ਼ਾਰੀ ਬਾਰੇ ਮੰਥਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਲਕ ਦੀ ਮੀਟਿੰਗ ਵਿੱਚ ਸੰਯੁਕਤ ਸਮਾਜ ਮੋਰਚੇ ਦੀ 14 ਮਾਰਚ ਨੂੰ ਦਿੱਲੀ ਵਿੱਚ ਹੋ ਰਹੀ ਮੀਟਿੰਗ ਵਿੱਚ ਉਠਾਏ ਜਾਣ ਵਾਲੇ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਰੁਲਦੂ ਸਿੰਘ ਨੇ ਪੰਜਾਬ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਹਾਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਦਿੱਲੀ ਅੰਦੋਲਨ ਮਗਰੋਂ ਆਈਆਂ ਪੰਜਾਬ ਦੀਆਂ ਚੋਣਾਂ ਲੜਨ ਲਈ ਉਹ ਫ਼ੈਸਲਾ ਹੀ ਦੇਰੀ ਨਾਲ ਲੈ ਸਕੇ, ਜਿਸ ਕਾਰਨ ਵਿਉਂਤਬੰਦੀ ਕਰਨ ਤੇ ਉਮੀਦਵਾਰ ਮੈਦਾਨ ਵਿੱਚ ਉਤਾਰਨ ’ਚ ਦੇਰ ਹੋ ਗਈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਆਪਸੀ ਸੁਰ ਨਾ ਮਿਲਣ ਕਾਰਨ ਵੀ ਸੰਯੁਕਤ ਸਮਾਜ ਮੋਰਚੇ ਨੂੰ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਫ਼ਤਵਾ ਪ੍ਰਵਾਨ ਹੈ।