ਬੇਅੰਤ ਸਿੰਘ
ਪੱਟੀ, 21 ਅਗਸਤ
ਵਿਆਹ ਦਾ ਝਾਂਸਾ ਦੇ ਕੇ ਇੱਕ ਫੌਜੀ ਵੱਲੋਂ ਲੜਕੀ ਨਾਲ ਕੀਤੇ ਗਏ ਜਬਰ ਜਨਾਹ ਦੇ ਮਾਮਲੇ ’ਚ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਨਰਿੰਦਰ ਕੌਰ, ਕਾਮਰੇਡ ਚਮਨ ਲਾਲ ਦਾਰਜਕੇ, ਮਾਸਟਰ ਹਰਭਜਨ ਸਿੰਘ ਅਤੇ ਕਾਮਰੇਡ ਧਰਮ ਸਿੰਘ ਪੱਟੀ ਦੀ ਅਗਵਾਈ ਹੇਠ ਡੀਐੱਸਪੀ ਦਫ਼ਤਰ ਪੱਟੀ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਬੱਠੇ ਭੈਣੀ ਦੀ ਇੱਕ ਲੜਕੀ ਨਾਲ ਉਸ ਦੇ ਭੂਆ ਦੇ ਫੌਜੀ ਪੁੱਤਰ ਵੱਲੋਂ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਲੜਕੀ ਜਦੋਂ ਗਰਭਵਤੀ ਹੋ ਗਈ ਤਾਂ ਲੜਕਾ ਅਤੇ ਉਸ ਦਾ ਪਰਿਵਾਰ ਲੜਕੀ ਨੂੰ ਗਰਭਪਾਤ ਕਰਨ ਲਈ ਮਜਬੂਰ ਕਰਦਾ ਰਿਹਾ ਪਰ ਲੜਕੀ ਨੇ ਗਰਭਪਾਤ ਨਹੀਂ ਕਰਵਾਇਆ ਤੇ ਲੜਕੀ ਦੀ ਕੁੱਖੋਂ ਲੜਕਾ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਲੜਕੀ ਨੇ ਇਨਸਾਫ਼ ਲੈਣ ਲਈ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਮੁਲਜ਼ਮ ਖ਼ਿਲਾਫ਼ ਕੋਈ ਕਨੂੰਨੀ ਕਰਵਾਈ ਨਹੀਂ ਕੀਤੀ ਗਈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਨਤਕ ਜਥੇਬੰਦੀਆਂ ਵੱਲੋਂ ਇਸ ਸਬੰਧ ਵਿੱਚ ਇਨਸਾਫ਼ ਲੈਣ ਲਈ ਦੋ ਦਿਨ ਪਹਿਲਾਂ ਥਾਣਾ ਸਦਰ ਪੱਟੀ ਅੱਗੇ ਧਰਨਾ ਲਗਾਇਆ ਗਿਆ ਸੀ ਜਿਸ ’ਤੇ ਪੁਲੀਸ ਨੇ ਮੁਲਜ਼ਮ ਖ਼ਿਲਾਫ਼ 420 ਦਾ ਪਰਚਾ ਦਰਜ ਕਰ ਲਿਆ ਪਰ ਜਬਰ ਜਨਾਹ ਲਈ ਬਣਦੀ ਧਾਰਾ ਨਹੀਂ ਲਗਾਈ ਗਈ।
ਲੜਕੀ ਨੂੰ ਇਨਸਾਫ਼ ਦਿਵਾਇਆ ਜਾਵੇਗਾ: ਡੀਐੱਸਪੀ
ਡੀਐੱਸਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲਾ ਕਰੀਬ ਦੋ ਸਾਲ ਪੁਰਾਣਾ ਹੈ ਪਰ ਲੜਕੀ ਵੱਲੋਂ ਦੁਬਾਰਾ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਪਰਚੇ ਅੰਦਰ ਕਨੂੰਨੀ ਪ੍ਰਕਿਰਿਆ ਕਰਨ ਤੋਂ ਬਾਅਦ ਮੁਲਜ਼ਮ ਖ਼ਿਲਾਫ਼ 376 ਦਾ ਵਾਧਾ ਕਰ ਕਰਕੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਇਆ ਜਾਵੇਗਾ।