ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਸਤੰਬਰ
ਥਾਣਾ ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ ਵਿੱਚ ਇਕ ਸ਼ਰਾਬੀ ਨੌਜਵਾਨ ਨੇ ਆਪਣੀ ਮਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਤੇ ਫਿਰ ਕੁੱਟਮਾਰ ਕੀਤੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਹਰਮਨਜੀਤ ਸਿੰਘ ਅਨੁਸਾਰ ਸਾਬਕਾ ਫ਼ੌਜੀ ਬੇਅੰਤ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਲੜਕਾ ਜਗਮੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ। ਉਹ ਆਪਣੀ ਨੂੰਹ ਨੂੰ ਛੁਡਵਾ ਕੇ ਗੁਆਂਢੀਆਂ ਦੇ ਘਰ ਛੱਡਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਪੁੱਤ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਵਾਲਾਂ ਤੋਂ ਫੜ ਕੇ ਵਿਹੜੇ ਵਿੱਚ ਘਸੀਟ ਰਿਹਾ ਸੀ ਅਤੇ ਕੁੱਟਮਾਰ ਕਰ ਰਿਹਾ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਛੁਡਾ ਕੇ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਪਰ ਫਰੀਦਕੋਟ ਜਾਂਦੇ ਸਮੇਂ ਰਸਤੇ ’ਚ ਗੁਰਮੀਤ ਕੌਰ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬ ਦੇ ਨਸ਼ੇ ’ਚ ਲੜਾਈ ਝਗੜਾ ਕਰਦਾ ਰਹਿੰਦਾ ਸੀ। ਇਸੇ ਦੌਰਾਨ ਥਾਣਾ ਮਹਿਣਾ ਦੇ ਪਿੰਡ ਮਹਿਰੋਂ ਵਿੱਚ ਜ਼ਮੀਨੀ ਝਗੜੇ ’ਚ ਭਰਾ ਨੇ ਭਰਾ ਉੱਤੇ ਉਸ ਦੇ ਘਰ ਦਾਖ਼ਲ ਹੋ ਕੇ ਗੋਲੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਦੋਵੇਂ ਭਰਾਵਾਂ ਦਾ 9 ਮਰਲੇ ਪਲਾਟ ਦਾ ਝਗੜਾ ਹੈ।
ਝਗੜੇ ਨੂੰ ਰੋਕਣ ਗਏ ਚਾਚੇ ਦਾ ਕਤਲ
ਫ਼ਾਜ਼ਿਲਕਾ (ਪੱਤਰ ਪ੍ਰੇਰਕ): ਪਿੰਡ ਟਾਹਲੀ ਵਾਲਾ ਬੋਦਲਾ ’ਚ ਮਾਂ-ਪੁੱਤਰ ਦਾ ਝਗੜਾ ਰੋਕਣ ਗਏ ਇੱਕ ਵਿਅਕਤੀ ਨੂੰ ਉਸ ਦੇ ਭਤੀਜੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਕਿ ਨਸ਼ੇ ਵਿੱਚ ਧੁੱਤ ਨੌਜਵਾਨ ਵੱਲੋਂ ਆਪਣੇ ਮਾਂ-ਪਿਓ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਜਦੋਂ ਇਸ ਦਾ ਪਤਾ ਉਸ ਦੇ ਚਾਚੇ ਨੂੰ ਲੱਗਿਆ ਤਾਂ ਉਹ ਝਗੜਾ ਰੋਕਣ ਲਈ ਗਿਆ। ਇਸ ਦੌਰਾਨ ਨੌਜਵਾਨ ਨੇ ਡਾਂਗ ਮਾਰ ਕੇ ਆਪਣੇ ਚਾਚੇ ਨੂੰ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਬਚਨ ਸਿੰਘ (55) ਦੇ ਰੂਪ ’ਚ ਹੋਈ ਹੈ।