ਗੁਰਬਖਸ਼ਪੁਰੀ
ਤਰਨ ਤਾਰਨ, 14 ਸਤੰਬਰ
ਇਲਾਕੇ ਦੇ ਪਿੰਡ ਗੱਗੋਬੁਆ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਪੰਜ ਮੈਂਬਰੀ ਗਰੋਹ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਪੀੜਤ ਮਹਿਲਾ ਰਣਜੀਤ ਕੌਰ ਨੇ ਨਸ਼ਾ ਕਾਰੋਬਾਰੀਆਂ ਦੀਆਂ ਹਰਕਤਾਂ ’ਤੇ ਇਤਰਾਜ਼ ਜਤਾਇਆ ਸੀ। ਪੀੜਤ ਪਰਿਵਾਰ ਫਿਲਹਾਲ ਰੂਪੋਸ਼ ਹੈ ਅਤੇ ਪੁਲੀਸ ਨੇ ਫੌਜਦਾਰੀ ਤੇ ਆਈਟੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਮੁੱਖ ਮੁਲਜ਼ਮ ਸਿਕੰਦਰ ਸਿੰਘ ਅਜੇ ਕੁਝ ਦਿਨ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਹੋਇਆ ਹੈ। ਉਹ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੇਸ ਵਿੱਚ ਬੰਦ ਸੀ। ਜਾਣਕਾਰੀ ਅਨੁਸਾਰ ਨਸ਼ੇ ਦੇ ਵਪਾਰੀ ਅੱਜ ਬਾਅਦ ਦੁਪਹਿਰ ਰਣਜੀਤ ਕੌਰ ਦੇ ਘਰ ਦਾਖਲ ਹੋਏ ਤੇ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਮਹਿਲਾ ਨੂੰ ਅਰਧ ਨਗਨ ਕਰ ਦਿੱਤਾ ਤੇ ਘਰ ਦੇ ਕੀਮਤੀ ਸਾਮਾਨ ਨੂੰ ਅੱਗ ਲਗਾ ਦਿੱਤੀ| ਮਗਰੋਂ ਹਮਲਾਵਰ ਰਣਜੀਤ ਕੌਰ ਦੇ ਲੜਕੇ ਗੁਰਪਾਲ ਸਿੰਘ ਨੂੰ ਘਰੋਂ ਧੂਹ ਕੇ ਪਿੰਡ ਦੇ ਚੌਰਾਹੇ ਵਿੱਚ ਲੈ ਆਏ। ਉਨ੍ਹਾਂ ਗੁਰਪਾਲ ਸਿੰਘ ਨੂੰ ਨਿਰਵਸਤਰ ਕਰਕੇ ਉਹਦੀ ਵੀ ਕੁੱਟਮਾਰ ਕੀਤੀ| ਹਮਲਾਵਰਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ| ਉਧਰ ਸੰਪਰਕ ਕਰਨ ’ਤੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਅਜਿਹੀ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ।
ਇਸ ਘਟਨਾ ਮਗਰੋਂ ਪੀੜਤ ਪਰਿਵਾਰ ਦਹਿਸ਼ਤ ਵਿੱਚ ਹੈ| ਗੁਰਪਾਲ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਪਰਿਵਾਰ ਉਸ ਨੂੰ ਛੁੱਟੀ ਦਿਵਾ ਕੇ ਰੂਪੋਸ਼ ਹੋ ਗਿਆ। ਹਮਲਾਵਰਾਂ ਨੇ ਰਣਜੀਤ ਕੌਰ ਦੀ ਨਾਬਾਲਗ ਲੜਕੀ ਨੂੰ ਵੀ ਸੱਟਾਂ ਮਾਰੀਆਂ| ਝਬਾਲ ਪੁਲੀਸ ਦੇ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਪਿੰਡ ਵਾਸੀ ਸਿਕੰਦਰ ਸਿੰਘ, ਪ੍ਰਭ, ਭਿੰਦਰ, ਮਹਿਕਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਦਾ ਨਾਮ ਸ਼ਾਮਲ ਹੈ| ਮੁਲਜ਼ਮਾਂ ਖਿਲਾਫ਼ ਫੌਜਦਾਰੀ ਐਕਟ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਲੜਕੇ ਗੁਰਪਾਲ ਸਿੰਘ ਦੇ ਹਸਪਤਾਲ ਤੋਂ ਬਿਆਨ ਦਰਜ ਕੀਤੇ ਗਏ ਹਨ ਅਤੇ ਡਾਕਟਰਾਂ ਦੀ ਮੈਡੀਕਲ ਲੀਗਲ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਜਾਰੀ ਹਨ।