ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 23 ਅਕਤੂਬਰ
ਬੀਐੱਸਐੱਫ ਦੇ ਜਵਾਨਾਂ ਵੱਲੋਂ ਗੋਲੀਆਂ ਚਲਾਉਣ ’ਤੇ ਇੱਕ ਵਾਰ ਫਿਰ ਅੱਜ ਸਰਹੱਦ ਪਾਰੋਂ ਆਇਆ ਡਰੋਨ ਵਾਪਸ ਮੁੜ ਗਿਆ। ਉਪਰੰਤ ਬੀਐੱਸਐੱਫ ਦੇ ਆਈਜੀ ਅਤੇ ਡੀਆਈਜੀ ਸਮੇਤ ਪੁਲੀਸ ਦੇ ਉਚ ਅਧਿਕਾਰੀਆਂ ਨੇ ਸਰਹੱਦ ਨੇੜਲੇ ਖੇਤਰ ਦਾ ਦੌਰਾ ਕੀਤਾ ਅਤੇ ਸੁਰੱਖਿਆ ਦਸਤਿਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਖ਼ਬਰ ਲਿਖੇ ਜਾਣ ਤੱਕ ਸੁਰੱਖਿਆ ਦਸਤਿਆਂ ਨੂੰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਸੀ। ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 89 ਬਟਾਲੀਅਨ ਦੇ ਜਵਾਨ, ਜੋ ਬੀਪੀਓ ਮੇਤਲਾ ਡਿਊਟੀ ’ਤੇ ਤਾਇਨਾਤ ਸਨ, ਨੂੰ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਕੰਡਿਆਲੀ ਤਾਰ ਨੇੜੇ ਡਰੋਨ ਉੱਡਣ ਦਾ ਪਤਾ ਲੱਗਿਆ। ਸੂਚਨਾ ਮਿਲਦਿਆਂ ਹੀ ਜਦੋਂ ਜਵਾਨਾਂ ਨੇ ਗੋਲੀਆਂ ਚਲਾਈਆਂ ਤਾਂ ਡਰੋਨ ਵਾਪਸ ਚਲਾ ਗਿਆ। ਘਟਨਾ ਪਿੱਛੋਂ ਬੀਐੱਸਐੱਫ ਦੇ ਆਈਜੀ ਮਹੀਪਾਲ ਯਾਦਵ ਤੇ ਡੀਆਈਜੀ ਰਾਜੇਸ਼ ਸ਼ਰਮਾ ਸਰਹੱਦ ’ਤੇ ਪਹੁੰਚੇ ਤੇ ਤਲਾਸ਼ੀ ਮੁਹਿੰਮ ਚਲਾਈ ਗਈ।