ਸ਼ਗਨ ਕਟਾਰੀਆ
ਬਠਿੰਡਾ, 23 ਨਵੰਬਰ
ਪਿਛਲੇ ਹਫਤੇ ਕਸਬਾ ਭਗਤਾ ਭਾਈਕਾ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਕਤਲ ਕੀਤੇ ਗਏ ਮਨੋਹਰ ਲਾਲ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਡੇਰਾ ਪ੍ਰੇਮੀਆਂ ਨੇ ਲਾਸ਼ ਡੇਰਾ ਸਲਾਬਤਪੁਰਾ ਅੱਗੇ ਰੱਖ ਕੇ ਸੜਕ ’ਤੇ ਜਾਮ ਲਾਈ ਰੱਖਿਆ। ਇਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਬਠਿੰਡਾ ਆ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਉਹ ਡੇਰਾ ਅੰਦੋਲਨ ਸਬੰਧੀ ਜ਼ਮੀਨੀ ਸਥਿਤੀ ਬਾਰੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪਣਗੇ। ਡੇਰਾ ਪੈਰੋਕਾਰਾਂ ਵੱਲੋਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਪੁਲੀਸ ਕੋਲ ਇਸ ਘਟਨਾ ਦੀ ਪੂਰੀ ਸੀਸੀਟੀਵੀ ਫੁਟੇਜ ਹੈ ਅਤੇ ‘ਸੁੱਖਾ ਗਿੱਲ ਲੰਮੇ ਗੈਂਗ’ ਨੇ ਸੋਸ਼ਲ ਮੀਡੀਆ ’ਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਵੀ ਲਈ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਡੇਰਾ ਪੈਰੋਕਾਰ ਇਸ ਗੱਲ ’ਤੇ ਅੜੇ ਹੋਏ ਹਨ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ ਅਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਪੈਰੋਕਾਰਾਂ ਨੇ ਦਾਅਵਾ ਕੀਤਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਡੇਰਾ ਪੈਰੋਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਪਿਛਲੇ ਦਿਨੀਂ ਡੇਰਾ ਪੈਰੋਕਾਰਾਂ ਦੇ ਸੱਤ ਕਤਲ ਹੋਏ ਹਨ ਅਤੇ ਹਰ ਵਾਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਸ ਦੌਰਾਨ ਅੱਜ ਹਰਿਆਣਾ ਅਤੇ ਰਾਜਸਥਾਨ ਤੋਂ ਆਏ ਡੇਰਾ ਪ੍ਰੇਮੀਆਂ ਨੇ ਸੂਚਨਾ ਦਿੱਤੀ ਕਿ ਉਥੋਂ ਦੀ ਸੰਗਤ ਵੀ ਸਲਾਬਤਪੁਰੇ ਆਉਣ ਲਈ ਹਰੀ ਝੰਡੀ ਦੀ ਉਡੀਕ ਵਿਚ ਹੈ ਪਰ 45 ਮੈਂਬਰੀ ਕਮੇਟੀ ਹਾਲੇ ਇਸ ਦੀ ਆਗਿਆ ਨਹੀਂ ਦੇ ਰਹੀ।