ਕੁਲਦੀਪ ਸਿੰਘ
ਚੰਡੀਗੜ੍ਹ, 12 ਮਈ
ਸਿਹਤ ਵਿਭਾਗ ਪੰਜਾਬ ਵਿੱਚ ਦੋ ਡਾਇਰੈਕਟਰਾਂ ਦਾ ਚਾਰਜ ਇੱਕ ਹੀ ਡਿਪਟੀ ਡਾਇਰੈਕਟਰ ਨੂੰ ਦੇਣ ਕਾਰਨ ਵਿਭਾਗ ਦੇ ਹੋਰ ਯੋਗ ਅਫ਼ਸਰ ਪ੍ਰੇਸ਼ਾਨ ਹਨ, ਜਿਨ੍ਹਾਂ ਨੂੰ ਡਾਇਰੈਕਟਰ ਦਾ ਚਾਰਜ ਦਿੱਤਾ ਜਾ ਸਕਦਾ ਹੈ। ਸੇਵਾਮੁਕਤੀ ਦੇ ਨੇੜੇ ਚੱਲ ਰਹੇ ਅਜਿਹੇ ਕਈ ਯੋਗ ਅਫ਼ਸਰਾਂ ਨੂੰ ਇਹ ਅਹੁਦਾ ਨਹੀਂ ਮਿਲ ਰਿਹਾ।
ਦੱਸਣਯੋਗ ਹੈ ਕਿ ਵਿਭਾਗ ਵਿੱਚ 31 ਦਸੰਬਰ 2015 ਨੂੰ ਡਾ. ਭਾਗ ਮੱਲ ਦੀ ਬਤੌਰ ਡਾਇਰੈਕਟਰ ਸੇਵਾਮੁਕਤੀ ਤੋਂ ਬਾਅਦ ਕੋਈ ਵੀ ਰੈਗੂਲਰ ਡਾਇਰੈਕਟਰ ਤਾਇਨਾਤ ਨਹੀਂ ਹੋ ਸਕਿਆ ਕਿਉਂਕਿ ਰੈਗੂਲਰ ਡਾਇਰੈਕਟਰ ਸਿਰਫ਼ ਉਸ ਅਫ਼ਸਰ ਨੂੰ ਹੀ ਲਗਾਇਆ ਜਾ ਸਕਦਾ ਹੈ ਜੋ ਚਾਰ ਸਾਲ ਡਿਪਟੀ ਡਾਇਰੈਕਟਰ ਰਹਿ ਚੁੱਕਾ ਹੋਵੇ। ਇਸ ਯੋਗਤਾ ਤੱਕ ਬਹੁਤ ਘੱਟ ਹੀ ਡਾਕਟਰ ਪਹੁੰਚਦੇ ਹਨ ਅਤੇ ਯੋਗਤਾ ਪੂਰੀ ਨਾ ਹੋਣ ਕਾਰਨ ਕਿਸੇ ਡਿਪਟੀ ਡਾਇਰੈਕਟਰ ਨੂੰ ਵਾਧੂ ਚਾਰਜ ਦਿੱਤਾ ਜਾਂਦਾ ਹੈ।
ਵਿਭਾਗ ਵਿੱਚ ਤਿੰਨ ਡਾਇਰੈਕਟਰਾਂ ਦੇ ਅਹੁਦੇ ਹਨ, ਜਿਨ੍ਹਾਂ ਉੱਤੇ ਕਾਂਗਰਸ ਸਰਕਾਰ ਤੋਂ ਲੈ ਕੇ ਹੁਣ ਤੱਕ ਡਾ. ਜੀਬੀ ਸਿੰਘ ਹੀ ਚਾਰਜ ਸੰਭਾਲਦੇ ਆ ਰਹੇ ਹਨ। ਕਾਫ਼ੀ ਜੱਦੋ ਜਹਿਦ ਕਰਨ ਉਪਰੰਤ ਹੁਣ ਡਾ. ਅਰੀਤ ਕੌਰ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਡਾਇਰੈਕਟਰ ਲਗਾਇਆ ਗਿਆ ਹੈ, ਜਦਕਿ ਡਾ. ਜੀਬੀ ਸਿੰਘ ਦੋ ਅਹੁਦਿਆਂ ਈਐੱਸਆਈ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਵਜੋਂ ਤਾਇਨਾਤ ਹਨ। ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਆਈਏਐੱਸ ਨੇ ਕਿਹਾ ਕਿ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਉੱਤੇ ਤਾਇਨਾਤੀਆਂ ਅਤੇ ਵਾਧੂ ਚਾਰਜ ਸੌਂਪਣ ਬਾਰੇ ਪ੍ਰਕਿਰਿਆ ਚੱਲ ਰਹੀ ਹੈ।
ਡਾਇਰੈਕਟਰ ਜੀਬੀ ਸਿੰਘ ਖਿਲਾਫ਼ ਪੜਤਾਲ ਸ਼ੁਰੂ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਗੁਰਿੰਦਰਬੀਰ ਸਿੰਘ ਖ਼ਿਲਾਫ਼ ਸਕੱਤਰ ਸਿਹਤ ਵਿਭਾਗ ਦੇ ਹੁਕਮਾਂ ਉਪਰੰਤ ਇੱਕ ਸੇਵਾਮੁਕਤ ਜੱਜ ਤੋਂ ਕਰਵਾਈ ਜਾ ਰਹੀ ਹੈ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਹੈ ਕਿ ਡਾਇਰੈਕਟਰ (ਇਸ ਤੋਂ ਪਹਿਲਾਂ ਬਰਨਾਲਾ ਦੇ ਸਿਵਲ ਸਰਜਨ ਰਹਿ ਚੁੱਕੇ) ਨੇ ਕਿਸੇ ਪੁਰਾਣੇ ਕੇਸ ਵਿੱਚ ਵਿਭਾਗੀ ਜਾਂਚ ਸਾਬਕਾ ਉਪ-ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਹੁਕਮਾਂ ਵਿੱਚ ਛੇੜਛਾੜ ਕੀਤੀ ਸੀ। ਇਸ ਤੋਂ ਇਲਾਵਾ ਡਾ. ਜੀਬੀ ਸਿੰਘ ਨੇ ਬਤੌਰ ਸਿਵਲ ਸਰਜਨ ਬਰਨਾਲਾ ਅਤੇ ਮੁਹਾਲੀ ਰਹਿੰਦੇ ਹੋਏ ਦੋ-ਦੋ ਗੱਡੀਆਂ ਦਾ ਵਾਧੂ ਖਰਚਾ ਵੀ ਸਰਕਾਰ ਉੱਤੇ ਪਾਇਆ। ਜਦੋਂ ਇਸ ਬਾਰੇ ਵਿੱਚ ਡਾ. ਜੀਬੀ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।