ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 4 ਜੁਲਾਈ
ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਇੱਥੇ ਨਹਿਰ ਸਰਹਿੰਦ ਦੇ ਪੁੱਲ ਥੱਲੇ ਫਸੀਆਂ ਭਾਰੀ ਝਾੜੀਆਂ ਨੇ ਅੱਜ ਨਹਿਰੀ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਕਿਉਂਕਿ ਇਨ੍ਹਾਂ ਝਾੜੀਆਂ ਕਾਰਨ ਪੁੱਲ ਦੇ ਹੇਠਾਂ ਤੋਂ ਪਾਣੀ ਦਾ ਲਾਘਾਂ ਬਿਲਕੁਲ ਸੁਸਤ ਰਫਤਾਰ ਹੋ ਗਿਆ ਤੇ ਨਹਿਰ ਵਿੱਚ ਪਾਣੀ ਵੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ। ਇਨ੍ਹਾਂ ਝਾੜੀਆਂ ਨੂੰ ਅੱਜ ਨਹਿਰੀ ਵਿਭਾਗ ਦੇ ਕੁਝ ਕਰਮਚਾਰੀ ਬਾਸਾਂ ਤੇ ਡੰਡਿਆਂ ਨਾਲ ਪਾਣੀ ਦੀਆਂ ਰੋਕਾਂ ਨੂੰ ਦੂਰ ਕਰਦੇ ਰਹੇ ਅਤੇ ਪਾਣੀ ਵਿੱਚ ਹੋਰ ਝਾੜੀਆਂ ਆ ਕੇ ਫਸਦੀਆਂ ਰਹੀਆਂ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆਂ ਕਿ ਪਹਾੜਾਂ ਅਤੇ ਇਲਾਕੇ ਵਿੱਚ ਪਏ ਭਾਰੀ ਮੀਂਹ ਕਾਰਨ ਨਹਿਰ ਵਿੱਚ ਹੜ੍ਹ ਕੇ ਆਈਆਂ ਵੱਡੀਆਂ-ਵੱਡੀਆਂ ਝਾੜੀਆਂ ਤੇ ਘਾਹ ਫੂਸ ਨਹਿਰ ਦੇ ਪੁੱਲ ਥੱਲੇ ਬਣੇ ਬੀਮਾਂ ਵਿੱਚ ਆ ਕੇ ਫਸ ਗਏ ਤੇ ਕਰੀਬ 20 ਤੋਂ 25 ਮੀਟਰ ਤੱਕ ਇਹ ਝਾੜੀਆਂ ਫਸ ਗਈਆਂ, ਜਿਨ੍ਹਾਂ ਕਾਰਨ ਪਾਣੀ ਦੇ ਵਹਾਅ ਵਿੱਚ ਵੀ ਰੁਕਾਵਟ ਪੈਦਾ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਝਾੜੀਆਂ ਤੇ ਬੂਟੀ ਬਰਸਾਤੀ ਨਾਲਿਆਂ ਵਿੱਚ ਉੱਗਦੀ ਹੈ ਜੋ ਨਾਲਿਆਂ ਵਿੱਚ ਮੀਂਹ ਦੇ ਪਾਣੀ ਨਾਲ ਹੜ੍ਹ ਕੇ ਸਤਲੁਜ ਦਰਿਆ ਵਿੱਚ ਡਿੱਗਦੀ ਹੈ ਤੇ ਉੱਥੋਂ ਇਹ ਨਹਿਰ ਵਿੱਚ ਆ ਕੇ ਅਜਿਹੇ ਅੜਿੱਕੇ ਪੈਦਾ ਕਰਦੀਆਂ ਹਨ।