ਪੱਤਰ ਪ੍ਰੇਰਕ
ਕਰਤਾਰਪੁਰ, 3 ਅਪਰੈਲ
ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਵਿੱਚ ਆਉਂਦੀਆਂ ਜ਼ਮੀਨਾਂ ਦੇ ਮਾਲਕਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਨ ਨਹੀਂ ਦਿੱਤਾ ਜਾਵੇਗਾ। ਇਹ ਐਲਾਨ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਕੋਆਰਡੀਨੇਟਰ ਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਲੱਲੀਆਂ ਕਲਾਂ ਨੇ ਹਲਕਾ ਕਰਤਾਰਪੁਰ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਮੰਗਾਂ ਵਿੱਚ ਜ਼ਮੀਨ ਦੀ ਬਜ਼ਾਰੂ ਕੀਮਤ ਦਾ ਚਾਰ ਗੁਣਾ ਰੇਟ, ਸਾਂਝੇ ਮੁਸਤਰਕੇ ਖਾਤਿਆਂ ਦਾ ਨਿਦਾਨ, ਸੜਕਾਂ ’ਤੇ ਕੰਬਾਈਨ ਲੰਘਣ ਦੇ ਰਾਹ ਅਤੇ ਅੰਡਰਪਾਸ ਬਣਾਉਣ ਸਮੇਤ ਪਾਣੀ ਦੀ ਨਿਕਾਸੀ ਸ਼ਾਮਲ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਥੇਬੰਦੀ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਮਾਲਾ ਪ੍ਰਾਜੈਕਟ ਤਹਿਤ 15 ਫੁੱਟ ਉੱਚੀਆਂ ਸੜਕਾਂ ਬਣਾ ਰਹੀ ਹੈ ਅਤੇ ਪੱਚੀ ਹਜ਼ਾਰ ਏਕੜ ਜ਼ਮੀਨ ਇਸ ਦੇ ਅਧੀਨ ਆ ਜਾਵੇਗੀ। ਧਰਤੀ ਤੋਂ ਪੰਦਰਾਂ ਫੁੱਟ ਉੱਚੀ ਸੜਕ ਬਣਨ ਨਾਲ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਜਾਵੇਗਾ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਕੇਂਦਰ ਸਰਕਾਰ ਦਾ ਪੱਖ ਪੂਰਦੀ ਨਜ਼ਰ ਆ ਰਹੀ ਹੈ। ਇਸ ਮੌਕੇ ਨਵਨੀਤ ਸਿੰਘ ਦਿਆਲਪੁਰ, ਗੁਰਮੇਲ ਸਿੰਘ ਚੱਕਲਾਂ, ਗੁਰਦਿਆਲ ਸਿੰਘ ਗਰੇਵਾਲ, ਰਣਜੀਤ ਸਿੰਘ ਲੱਲੀਆਂ ਤੇ ਰੇਸ਼ਮ ਸਿੰਘ ਗੋਣਾਚੱਕ ਆਦਿ ਮੌਜੂਦ ਸਨ।