ਪੱਤਰ ਪ੍ਰੇਰਕ
ਚੰਡੀਗੜ੍ਹ, 9 ਅਗਸਤ
ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦਾ ਇੱਕ ਵਫ਼ਦ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਬਰਿੰਦਰਪਾਲ ਸਿੰਘ ਨੂੰ ਮੁੱਖ ਦਫ਼ਤਰ ਵਿਚ ਮਿਲਿਆ। ਜਥੇਬੰਦੀ ਦੇ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਾਲੇ ਇਸ ਵਫ਼ਦ ਨੇ ਦੱਸਿਆ ਕਿ ਐਮ. ਸੇਵਾ ਐਪ ਰਾਹੀਂ ਹਾਜ਼ਰੀ ਲਗਾਉਣ ਲਈ ਫ਼ੀਲਡ ਸਟਾਫ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਕਾਰਨ ਅਪ੍ਰੇਸ਼ਨਲ ਸਟਾਫ਼ ਨੂੰ ਛੋਟ ਦਿੱਤੀ ਜਾਵੇ, ਗਰੈਚੁਟੀ ਦੀ ਹੱਦ 10 ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਪੱਤਰ ਲਾਗੂ ਕੀਤਾ ਜਾਵੇ, ਅਪ੍ਰੇਸ਼ਨਲ ਸਟਾਫ਼ ਦੀਆਂ ਰਹਿੰਦੀਆਂ ਮਨਜ਼ੂਰਸ਼ੁਦਾ ਅਸਾਮੀਆਂ ’ਤੇ ਭਰਤੀ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ, ਟਿਊਬਵੈਲਾਂ ’ਤੇ ਲਾਗ ਬੁੱਕਾਂ ਅਤੇ ਕੁਰਸੀਆਂ ਮੁਹੱਈਆ ਕਾਰਵਾਈਆਂ ਜਾਣ, ਮੁਲਾਜ਼ਮਾਂ ਨੂੰ ਵਰਦੀਆਂ ਦੇਣ ਲਈ ਡਿਵੀਜ਼ਨਾਂ ਨੂੰ ਫੰਡ ਜਾਰੀ ਕੀਤੇ ਜਾਣ, ਡਿਪਲੋਮਾ ਹੋਲਡਰ ਮੁਲਾਜ਼ਮਾਂ ਨੂੰ ਜੇ.ਈ. ਵਜੋਂ ਪ੍ਰਮੋਟ ਕੀਤਾ ਜਾਵੇ ਅਤੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਜਲਦ ਕਰਨ ਲਈ ਚੇਅਰਮੈਨ ਸਕਰੀਨਿੰਗ ਕਮੇਟੀ ਨੂੰ ਹੁਕਮ ਦਿੱਤੇ ਜਾਣ।
ਜਥੇਬੰਦੀ ਦੇ ਜਨਰਲ ਸਕੱਤਰ ਰਾਮਜੀ ਦਾਸ ਚੌਹਾਨ ਨੇ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਨੇ ਸਾਰੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਨ ਉਪਰੰਤ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਹੁਕਮ ਵੀ ਜਾਰੀ ਕੀਤੇ। ਵਫਦ ਵਿੱਚ ਸੂਬਾ ਕਮੇਟੀ ਆਗੂ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬੁੱਧ ਰਾਮ, ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।