ਪਾਲ ਸਿੰਘ ਨੌਲੀ
ਜਲੰਧਰ, 9 ਫਰਵਰੀ
ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਨੇ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਲਾਰਡ ਹਾਰਡਿੰਗ ਬੰਬ ਕੇਸ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਪਾਰਟੀ, ਨੌਜਵਾਨ ਭਾਰਤ ਸਭਾ, ਆਜ਼ਾਦ ਹਿੰਦ ਫੌਜ ਆਦਿ ਮਿਸਾਲੀ ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਦਾ ਇਤਿਹਾਸ ਇੱਕੋ ਛੱਤ ਹੇਠ ਮਿਊਜ਼ੀਅਮ ’ਚ ਸੰਭਾਲਣ ਦਾ ਫੈਸਲਾ ਕੀਤਾ ਹੈ। ਦੇਸ਼ ਭਗਤ ਯਾਦਗਾਰ ਹਾਲ ਦੀ ਮਿਊਜ਼ੀਅਮ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਦੱਸਿਆ ਕਿ ਅੱਜ ਮਿਊਜ਼ੀਅਮ ਕਮੇਟੀ ਨੇ ਮੀਟਿੰਗ ਕਰ ਕੇ ਮਿਊਜ਼ੀਅਮ ਹਾਲ ਅੰਦਰ ਸਿਲਸਿਲੇਵਾਰ ਇਤਿਹਾਸਕ ਤੱਥ, ਤਸਵੀਰਾਂ, ਯਾਦਗਾਰੀ ਨਿਸ਼ਾਨੀਆਂ ਸੰਭਾਲਣ, ਲਾਈਟ ਐਂਡ ਸਾਊਂਡ ਦੀ ਯੋਜਨਾਬੰਦੀ ਸਬੰਧੀ ਖ਼ਾਕਾ ਤਿਆਰ ਕੀਤਾ। ਮਿਊਜ਼ੀਅਮ ਵੇਖਣ ਆਉਣ ਵਾਲੇ ਦਰਸ਼ਕਾਂ ਨੂੰ ਇਤਿਹਾਸ ਪਰਦੇ ’ਤੇ ਦਿਖਾਉਣ ਲਈ ਭਵਿੱਖ ਵਿਚ ਵਿਸ਼ੇਸ਼ ਕੋਨਾ ਤਿਆਰ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਲਾਇਬਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਤੇ ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਦੱਸਿਆ ਕਿ ਗ਼ਦਰ ਪਾਰਟੀ ਦੇ ਸਥਾਪਨਾ ਦਿਵਸ 21 ਅਪਰੈਲ ਤੱਕ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ ਤੇ ਲਾਰਡ ਹਾਰਡਿੰਗ ਬੰਬ ਕੇਸ ਦੇ ਇਤਿਹਾਸਕ ਕਾਲ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੇਸ਼-ਵਿਦੇਸ਼ ਵਸਦੇ ਗ਼ਦਰੀਆਂ ਦੇ ਵਾਰਸਾਂ ਨੂੰ ਮਿਊਜ਼ੀਅਮ ਦਾ ਕਾਰਜ ਨੇਪਰੇ ਚਾੜ੍ਹਨ ਲਈ ਆਰਥਕ ਸਹਾਇਤਾ ਦੀ ਅਪੀਲ ਕੀਤੀ। ਸੁਰਿੰਦਰ ਕੁਮਾਰੀ ਕੋਛੜ ਮਿਊਜ਼ੀਅਮ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਕਮੇਟੀ ਨੇ ਲੋਕਾਂ ਦੀ ਮੌਲਿਕ ਆਜ਼ਾਦੀ ਉਪਰ ਹੱਲਾ ਬੋਲ ਰਹੀਆਂ ਉਨ੍ਹਾਂ ਫ਼ਿਰਕੂ ਤਾਕਤਾਂ ਦੀ ਨਿਖੇਧੀ ਕੀਤੀ।