ਪਰਸ਼ੋਤਮ ਬੱਲੀ
ਬਰਨਾਲਾ, 8 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਵੱਲੋਂ ਸ਼ੁਰੂ ਕੀਤੀ ਹੋਈ ‘ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ’ ਮੁਹਿੰਮ ਹੋਰ ਭਖਾਉਣ ਲਈ 17 ਫਰਵਰੀ ਨੂੰ ਬਰਨਾਲਾ ਵਿੱਚ ਸੂਬਾ ਪੱਧਰੀ ਲੋਕ ਕਲਿਆਣ ਰੈਲੀ ਕਰਨ ਦਾ ਫੈ਼ਸਲਾ ਕੀਤਾ ਗਿਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਰੈਲੀ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੇ ਬੁਨਿਆਦੀ ਲੋਕ ਮੁੱਦੇ ਉਭਾਰੇ ਜਾਣਗੇ, ਜਿਨ੍ਹਾਂ ਨੂੰ ਸਾਰੀਆਂ ਵੋਟ ਬਟੋਰੂ ਪਾਰਟੀਆਂ ਜਾਣ-ਬੁੱਝ ਕੇ ਰੋਲ ਰਹੀਆਂ ਹਨ।
ਪਹਿਲਾਂ ਹੀ ਵੋਟ ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਦੀ ਮੁਹਿੰਮ ਵੀ ਬਾਕਾਇਦਾ ਜਾਰੀ ਰੱਖਦਿਆਂ ਇਸ ਦਾ ਕੜੀ-ਜੋੜ ਇਸ ਮੁਹਿੰਮ ਨਾਲ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈ਼ਸਲਾ ਕੀਤਾ ਗਿਆ ਕਿ ਸਕੂਲ, ਕਾਲਜ ਬਿਨਾਂ ਸ਼ਰਤ ਖੁਲ੍ਹਵਾਉਣ ਲਈ ਰੋਸ ਹਫ਼ਤਾ 10 ਫਰਵਰੀ ਤੱਕ ਬਾਦਸਤੂਰ ਜਾਰੀ ਰੱਖਿਆ ਜਾਵੇਗਾ ਕਿਉਂਕਿ ਪੰਜਵੀਂ ਜਮਾਤ ਤੱਕ ਅਜੇ ਵੀ ਸਕੂਲ ਬੰਦ ਰੱਖਣ ਤੋਂ ਇਲਾਵਾ ਛੇਵੀਂ ਜਮਾਤ ਤੋਂ ਉੱਪਰ ਵੀ ਬੇਤੁਕੀਆਂ ਸ਼ਰਤਾਂ ਅਧੀਨ ਹੀ ਖੋਲ੍ਹਣ ਦਾ ਫੈ਼ਸਲਾ ਸਰਕਾਰ ਦੀ ਲੋਕ ਵਿਰੋਧੀ ਨੀਤੀ ਉੱਤੇ ਮੋਹਰ ਲਾਉਂਦਾ ਹੈ। ਮੀਟਿੰਗ ਵਿੱਚ ਸੂਬਾਈ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਹਰਪ੍ਰੀਤ ਕੌਰ ਜੇਠੂਕੇ ਅਤੇ ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ ਸਮੇਤ 15 ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਨੌਜਵਾਨ ਆਗੂ ਸ਼ਾਮਲ ਸਨ।