ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਜੁਲਾਈ
ਪੰਦਰਾਂ ਦਿਨਾਂ ਤੋਂ ਦੜੇ ਸੱਟੇ ਦੇ ਕਾਰੋਬਾਰ ਵਿੱਚ ਫਸੇ ਹੋਏ ਇਥੋਂ ਦੇ ਨੌਜਵਾਨ ਦੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਖਦਸ਼ਾ ਹੈ। ਨੌਜਵਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਤੇ ਲੋਕਾਂ ਵੱਲੋਂ ਉਸ ਨੂੰ ਬਚਾਉਣ ਲਈ ਰੱਸਾ ਸੁੱਟਿਆ ਗਿਆ ਪਰ ਉਸ ਨੌਜਵਾਨ ਨੇ ਰੱਸਾ ਨਹੀਂ ਫੜਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਨੌਜਵਾਨ ਵੱਲੋਂ ਬਣਾਈ ਆਡੀਓ ਕਲਿੱਪ ਅਨੁਸਾਰ ਉਸ ਨੂੰ ਸੱਟੇ ’ਤੇ ਲਗਾਉਣ ਲਈ ਚਾਰ ਪੰਜ ਵਿਅਕਤੀ ਜ਼ਿੰਮੇਵਾਰ ਹਨ, ਜਿਨ੍ਹਾਂ ਕਰਕੇ ਉਸ ਦੇ ਸਿਰ ਪੰਦਰਾਂ ਦਿਨਾਂ ਵਿੱਚ ਪੰਜਾਹ ਹਜ਼ਾਰ ਦਾ ਕਰਜ਼ਾ ਚੜ੍ਹ ਗਿਆ ਹੈ, ਜਿਸ ਕਰਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਅਨੁਸਾਰ ਨੌਜਵਾਨ ਦੇ ਨਹਿਰ ਵਿੱਚ ਛਾਲ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।